ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,
'ਤੁਸੀਂ ਜਾਹੋ ਖਾਂ ਤਰਫ਼ ਕਸ਼ਮੀਰ ਨੂੰ ਜੀ ।'
ਓਨ੍ਹਾਂ ਰੱਬ ਦਾ ਵਾਸਤਾ ਪਾਇਆ ਸੀ,
'ਮਾਈ ! ਫੜੀਂ ਨਾ ਕਿਸੇ ਤਕਸੀਰ ਨੂੰ ਜੀ ।
ਪਾਰੋਂ ਮੁਲਕ ਫ਼ਿਰੰਗੀਆਂ ਮੱਲ ਲਿਆ,
ਅਸੀਂ ਮਾਰਾਂਗੇ ਓਸ ਬੇਪੀਰ ਨੂੰ ਜੀ ।
ਸ਼ਾਹ ਮੁਹੰਮਦਾ ਆਏ ਨੀ ਹੋਰ ਪਰਿਓਂ,
ਅਸੀਂ ਡੱਕਣਾ ਓਸ ਵਹੀਰ ਨੂੰ ਜੀ ।'
52
ਮਾਈ ਆਖਿਆ, 'ਸੱਭੇ ਚੜ੍ਹ ਜਾਣ ਫੌਜਾਂ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ ।
ਮੁਸਲਮਾਨੀਆਂ ਪੜਤਲਾਂ ਰਹਿਣ ਏਥੇ,
ਘੋੜ-ਚੜ੍ਹੇ ਨਾਹੀਂ ਪਾਸ ਰੱਖਣੇ ਜੀ ।
ਕੰਠੇ ਕਲਗੀਆਂ ਵਾਲੜੇ ਹੋਣ ਅੱਗੇ,
ਮੋਹਰੇ ਹੋਰ ਗਰੀਬ ਨਾ ਧੱਕਣੇ ਜੀ ।
ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,
ਮਜ਼ੇ ਤਿਨ੍ਹਾਂ ਲੜਾਈ ਦੇ ਚੱਖਣੇ ਜੀ ।'
53
ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,
ਮੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ ।
ਜਮਨਾ ਤੀਕ ਜੋ ਪਿਆ ਹੈ ਮੁਲਖ ਸੁੰਞਾ,
ਖਾਵੋ ਦੇਸ ਫ਼ਿਰੰਗੀ ਦਾ ਲੁੱਟ ਵਾਰੀ ।
ਮਾਰੋ ਸ਼ਹਿਰ ਫ਼ਿਰੋਜ਼ਪੁਰ, ਲੁਧਿਆਣਾ,
ਸੁਟੋ ਛਾਵਣੀ ਓਸ ਦੀ ਪੁਟ ਸਾਰੀ ।
ਸ਼ਾਹ ਮੁਹੰਮਦਾ ਲਓ ਇਨਾਮ ਮੈਥੋਂ,
ਕੈਂਠੇ ਕੜੇ ਮੈਂ ਦੇਵਾਂਗੀ ਸੁਟ ਵਾਰੀ ।'