ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
ਮਾਖੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ,
ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਮਾਰ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ ।
91
ਪਏ ਬਾਵਿਓਂ ਆਣ ਕੇ ਫੇਰ ਗੋਰੇ,
ਫਰਾਂਸੀਸ ਤੇ ਜਿੱਥੇ ਸੀ ਚਾਰ-ਯਾਰੀ ।
ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,
ਬਣੀ ਆਣ ਸਰਦਾਰਾਂ ਨੂੰ ਬਿਪਤ ਭਾਰੀ,
ਤੇਜਾ ਸਿੰਘ ਸਰਦਾਰ ਪੁਲ ਵੱਢ ਦਿਤਾ,
ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ,
ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,
ਅਤੇ ਜਾਨ ਨਾ ਕਰਨਗੇ ਮੂਲ ਪਿਆਰੀ ।
92
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।