Back ArrowLogo
Info
Profile

ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ,

ਮੇਰੇ ਮਨ ਦੀ ਬਾਤ ਜੋ ਪਾਵੇ, ਹੱਥੋਂ ਚਾ ਸੁੱਟੋ ਘੜਿਆਲ ਨੀ ।

ਅੱਜ ਪੀ ਘਰ ਆਇਆ ਲਾਲ ਨੀ ।

 

ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁਘੜਾ ਤਾਨ ਤਰਾਨਾ,

ਨਿਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮਧ ਪਿਆਲਾ ਦੇਣ ਕਲਾਲ ਨੀ ।

ਅੱਜ ਪੀ ਘਰ ਆਇਆ ਲਾਲ ਨੀ ।

 

ਮੁਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉੱਠ ਗਿਆ ਸਾਰਾ,

ਰੈਣ ਵੱਡੀ ਕਿਆ ਕਰੇ ਪਸਾਰਾ, ਦਿਲ ਅੱਗੇ ਪਾਰੋ ਦੀਵਾਲ ਨੀ ।

ਅੱਜ ਪੀ ਘਰ ਆਇਆ ਲਾਲ ਨੀ ।

 

ਮੈਨੂੰ ਆਪਣੀ ਖਬਰ ਨਾ ਕਾਈ, ਕਿਆ ਜਾਨਾਂ ਮੈਂ ਕਿਤ ਵਿਆਹੀ,

ਇਹ ਗੱਲ ਕਿਉਂ ਕਰ ਛੁਪੇ ਛਪਾਈ, ਹੁਣ ਹੋਇਆ ਫਜ਼ਲ ਕਮਾਲ ਨੀ ।

ਅੱਜ ਪੀ ਘਰ ਆਇਆ ਲਾਲ ਨੀ ।

 

ਟੂਣੇ ਟਾਮਣ ਕਰੇ ਬਥੇਰੇ, ਮਿਹਰੇ ਆਏ ਵੱਡੇ ਵਡੇਰੇ,

ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇ ਇਹਦੇ ਨਾਲ ਨੀ ।

ਅੱਜ ਪੀ ਘਰ ਆਇਆ ਲਾਲ ਨੀ ।

 

ਬੁਲ੍ਹਾ ਸ਼ਹੁ ਦੀ ਸੇਜ਼ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ,

ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ।

ਅੱਜ ਪੀ ਘਰ ਆਇਆ ਲਾਲ ਨੀ ।

 

  1. ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ

ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ ।

ਆਪੇ ਮੁਰਲੀ ਆਪ ਘਨਈਆ, ਆਪੇ ਜਾਦੂਰਾਈ।

25 / 148
Previous
Next