

ਤੇਰੇ ਸਹੁ ਰਾਵਣ ਦੀ ਵੇਰਾ,
ਸੁਤੀ ਹੈਂ ਤਾਂ ਜਾਗ,
ਮੋਢੇ ਤੇਰੇ ਦੋਇ ਜਣੇ,
ਲਿਖਦੇ ਨੀ ਆਬ ਸਵਾਬ ।1।ਰਹਾਉ।
ਇਹ ਵੇਲਾ ਨ ਲਹਿਸੇਂ ਕੁੜੀਏ,
ਥੀਸੇਂ ਤੂੰ ਬਹੁਤ ਖ਼ਰਾਬ ।1।
ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,
ਦੇਸੇਂ ਤੂੰ ਕਵਣੁ ਜਬਾਬ ।2।
146. ਥੋਹੜੀ ਰਹਿ ਗਈਓ ਰਾਤੜੀ
ਥੋਹੜੀ ਰਹਿ ਗਈਓ ਰਾਤੜੀ,
ਸਹੁ ਰਾਵਿਓ ਨਾਹੀਂ ।
ਧੰਨ ਸੋਈ ਸੁਹਾਗਣੀ,
ਜਿਨ ਪੀਆ ਗਲਿ ਬਾਹੀਂ ।ਰਹਾਉ।
ਇਕ ਅੰਨ੍ਹੇਰੀ ਕੋਠੜੀ,
ਦੂਜਾ ਦੀਵਾ ਨ ਬਾਤੀ ।
ਬਾਂਹੁ ਪਕੜਿ ਜਮੁ ਲੈ ਚਲੇ,
ਕੋਈ ਸੰਗਿ ਨ ਸਾਥੀ ।1।
ਸੁਤੀ ਰਹੀ ਕੁਲਖਣੀ,
ਜਾਗੀ ਵਡਿ ਭਾਗੀ ।
ਜਾਗਨਿ ਕੀ ਬਿਧਿ ਸੋ ਲਹੈ,
ਜਿਸ ਅੰਤਰ ਲਾਗੀ ।2।
ਕਹੈ ਹੁਸੈਨ ਸਹੇਲੀਓ,
ਸਹੁ ਕਿਤ ਬਿਧਿ ਪਈਐ ।
ਕਰ ਸਾਹਿਬ ਦੀ ਬੰਦਗੀ,
ਰੈਣ ਜਾਗ੍ਰਤਿ ਰਹੀਐ ।3।