ਕਰ ਦੇਂਦਾ ਹੈ । ਓਥੇ ਭਲਾ ਮਨਉਕਤ ਕੱਚੀ ਬਾਣੀ ਵਿਚ ਰਲਾਉਣ ਦਾ ਕੀ ਵਾਸਤਾ ! ਗੁਰਬਾਣੀ ਦੀ ਕਥਾ ਕਰਨਹਾਰਿਆਂ ਦਾ ਕੁਚੱਜ, ਓਹਨਾਂ ਕੁਚੱਜਿਆਂ ਦੇ ਮੁਖੋਂ ਮਨ-ਉਕਤ ਕੱਚੀ ਬਾਣੀ ਬੋਲ ਕੇ ਅਰਥਾਬੰਦੀ ਕਰਿ ਕਰਿ ਕੇ ਕੰਚਨ ਵਿਚਿ ਕੰਚ ਰਲਾਈ ਜਾਣਾ, ਉੱਕਾ ਹੀ ਗੁਰਮਤਿ ਪ੍ਰਤਿਕੂਲ ਹੈ । ਖ਼ਾਸ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠ ਕੇ ਬੜੀ ਨਿਰਲੱਜਤਾ ਨਾਲਿ ਜੋ ਕਥਾਗੱੜ ਗਿਆਨੀ ਇਹ ਕੁਚੱਜ ਕਰਦੇ ਹਨ ਮਨ-ਉਕਤ ਕਥਾ ਕਰਨ ਦਾ । ਓਹ ਤਾਂ ਗੁਰਬਾਣੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਹੀ ਬੇਅਦਬੀ ਕਰਦੇ ਹਨ । ਇਸ ਬਿਧਿ ਅੰਮ੍ਰਿਤ ਬਾਣੀ ਵਖਾਣ ਵਖਾਣ ਕੇ ਗੁਰਮੁਖ ਜਨਾਂ ਨੂੰ ਸੁਤੇ ਹੀ ਸੂਝ ਹੋ ਜਾਂਦੀ ਹੈ । ਗੁਰਬਾਣੀ ਅੰਦਰਿ ਸਾਰੇ ਹੀ ਅੰਮ੍ਰਿਤ ਭਰਪੂਰ ਹੈ। ਇਸ ਕਰਕੇ ਗੁਰਬਾਣੀ ਰੂਪੀ ਅੰਮ੍ਰਿਤਾ ਬਚਨ ਅੰਮ੍ਰਿਤਾ ਬਿਰਤੀ, ਅੰਮ੍ਰਿਤਾ ਸੁਰਤੀ ਸਪਰਸ਼ ਕਰ ਦੇਂਦੇ ਹਨ । ਇਹ ਪਾਰਸ-ਰਸਾਇਣੀ-ਅਗਾਧ-ਕਲਾ ਹੈ ਅੰਮ੍ਰਿਤ ਗੁਰਬਾਣੀ ਦੇ ਉਚਾਰਨ ਅੰਦਰਿ । ਮਨ-ਉਕਤ ਕਚਘਰੜ ਕਥਾ ਕੀਤਿਆਂ ਇਹ ਪਾਰਸ ਕਲਾ ਰਹਿੰਦੀ ਹੀ ਨਹੀਂ, ਵਰਤਦੀ ਹੀ ਨਹੀਂ, ਕਿਉਂਕਿ ਕੰਚਨ ਵਿਚ ਕਚ ਜੋ ਰਲ ਜਾਂਦਾ ਹੈ, ਸੱਚੀ ਅੰਮ੍ਰਿਤ ਬਾਣੀ ਵਿਚਿ ਕੱਚੀ ਬਾਣੀ ਜੋ ਰਲ ਜਾਂਦੀ ਹੈ । ਸਤਿਗੁਰੂ ਬਾਝੋਂ, ਗੁਰਬਾਣੀ ਬਿਨਾਂ ਹੋਰ ਸਭ ਬਾਣੀ ਕੁਬਾਣੀ ਕੱਚੀ ਬਾਣੀ ਹੈ, ਭਾਵੇਂ ਕਿਤਨੀ ਹੀ ਘੋਟ ਘੋਟ ਕੇ ਉਚਾਰੀ ਜਾਵੇ, ਕਚ-ਘਰੱੜ ਗਿਆਨੀਆਂ ਦੇ ਮੁਖੋਂ। ਗੁਰਬਾਣੀ ਰੂਪੀ ਅੰਮ੍ਰਿਤ ਮਈ ਸੱਚੇ ਗਿਆਨ ਬਾਝੋਂ ਸਭ ਗਿਆਨ ਫੋਕਟ ਗਿਆਨ, ਕਚਘਰੜ ਗਿਆਨ ਹੈ । ਤਾਂ ਹੀ ਤੇ ਗੁਰਮਤਿ ਅਨੁਸਾਰ ਬਾਣੀ ਰੂਪੀ ਅੰਮ੍ਰਿਤ ਗਿਆਨ ਅੰਦਰਿ ਇਸ ਫੋਕਟ ਗਿਆਨ ਦੇ ਰਲਾਉਣ ਦਾ ਵਿਧਾਨ ਨਹੀਂ । ਦੂਜੇ ਗੁਰਬਾਣੀ ਦੀ ਸਮੱਗਰਤਾ ਇਕੋ ਅਕਾਲ ਪੁਰਖ ਦਾ ਸੇਵਨ ਆਰਾਧਨ ਹੀ ਦ੍ਰਿੜਾਉਂਦੀ ਹੈ । ਸੋ, ਜੋ ਗੁਰਮੁਖਿ ਜਨ ਪੂਰਨ ਪ੍ਰੇਮ-ਪ੍ਰਾਇਣੀ ਗੁਰਮੁਖਤਾ ਅਨੁਸਾਰ ਗੁਰਬਾਣੀ ਉਚਾਰਦੇ ਪੜ੍ਹਦੇ ਹਨ, ਭਾਵ, ਗੁਰਬਾਣੀ ਦਾ ਪਾਠ ਕੀਰਤਨ ਕਰਦੇ ਹਨ, ਓਹ ਇਸ ਬਿਧਿ ਨਿਰੋਲ ਤੌਰ ਤੇ ਇਕ ਦੀ ਉਪਾਸ਼ਨਾ ਸੇਵਾ ਅਤੇ ਇਕ ਦੀ ਹੀ ਆਰਾਧਨਾ ਕਰਦੇ ਹਨ । ਇਸ ਬਿਧਿ ਉਚਾਰੀ ਕੀਰਤਾਰੀ ਹੋਈ ਗੁਰਬਾਣੀ, ਗੁਰਮੁਖਾਂ ਦੀ ਰਸਨਾ ਤੋਂ ਉਚਾਰੀ ਹੋਈ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਸੁਤੇ ਸਹਜ ਹੀ ਅਕੱਥ ਕਥਾ ਹੈ । ਏਥੇ ਹੋਰ ਅਲਪਗ ਵੀਚਾਰੀ ਕਥਾ ਪਾਉਣ ਦੀ ਲੋੜ ਨਹੀਂ । ਇਸ ਉਪਰਲੀ ਲਿਖਤ ਦਾ ਸਮੁੱਚਾ ਭਾਵ ਇਸ ਹੇਠ ਲਿਖੇ ਗੁਰਵਾਕ ਅੰਦਰਿ ਕਿਆ ਖੂਬ ਢੁਕਦਾ ਹੈ ।
ਯਥਾ ਗੁਰਵਾਕ :-
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥
ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥੨੪॥
ਸਿਰੀ ਰਾਗੁ ਮਹਲਾ ੩, ਪੰਨਾ ੬੯