ਗੁਰਮੁਖ ਜਨ ਸਦਾ ਹੀ ਅੰਮ੍ਰਿਤੁ ਮੁਖੋਂ ਉਚਾਰਦੇ ਰਹਿੰਦੇ ਹਨ। ਅੰਮ੍ਰਿਤ ਨਾਮ ਤਾਂ ਕਦੇ ਓਹਨਾਂ ਨੂੰ ਵਿਸਰਦਾ ਹੀ ਨਹੀਂ । ਸੁਆਸਿ ਸੁਆਸਿ ਅੰਮ੍ਰਿਤ ਨਾਮ ਹੀ ਸਿਮਰਦੇ ਰਹਿੰਦੇ ਹਨ । ਜਦੋਂ ਗੁਰਬਾਣੀ ਦਾ ਉਚਾਰਨ ਕੋਈ ਗੁਰਮੁਖ ਜਨ ਆਪਣੇ ਮੁਖਾਰਬਿੰਦ ਚੋਂ ਉਚਾਰ ਕੇ ਕਰਦਾ ਹੈ ਤਾਂ ਉਹ ਆਪਣੀ ਮੁਖਬੈਣੀ ਚੋਂ ਅੰਮਿ੍ਤ ਦੇ ਝਰਨੇ ਹੀ ਝਰਾਉਂਦਾ ਹੈ । ਗੁਰਬਾਣੀ ਅੰਮ੍ਰਿਤ ਰੂਪੀ ਨਾਮ ਦੇ ਸਦਾ ਸਿਮਰਨੀ ਪ੍ਰਤਾਪ ਕਰਕੇ ਅਤੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਆਲਾਪ ਕਰਕੇ, ਉਸ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਉਹ ਅੰਦਰਿ ਬਾਹਰਿ ਸਾਰੇ ਉਫ਼ਕ ਪੁਲਾੜ ਵਿਖੇ ਅੰਮ੍ਰਿਤ ਹੀ ਅੰਮ੍ਰਿਤ ਵੇਖਦਾ ਪਰਖਦਾ ਹੈ। ਅੰਮ੍ਰਿਤ ਨਾਮ ਬਾਣੀ ਅਭਿਆਸ ਦੀ ਪਾਰਸ-ਪ੍ਰਭਾਵੀ-ਕਲਾ ਦੁਆਰਾ ਉਸਨੂੰ ਚਾਰ ਚੁਫੇਰੇ ਆਪਣੇ ਇਰਦਾ ਗਿਰਦ ਅਤੇ ਨਿਜ ਘਟ ਅੰਦਰਿ ਅਕਾਲ ਪੁਰਖ ਰੂਪੀ ਨਿਰਗੁਣ ਸਰੂਪਾ ਅਮਿਉ ਸਰੋਵਰ ਹੀ ਡਲ੍ਹਕਦਾ ਡਲ੍ਹਕਦਾ ਨਜ਼ਰੀਂ ਆਉਂਦਾ ਹੈ। ਜੋ ਗੁਰਮੁਖ ਜਨ ਨਿਸ ਦਿਨ (ਦਿਨ ਰਾਤੀ) ਸੁਆਸਿ ਸੁਆਸਿ ਅੰਮ੍ਰਿਤ ਮਈ ਨਾਮ ਦਾ ਹੀ ਅਭਿਆਸ ਕਰਦਾ ਰਹਿੰਦਾ ਹੈ ਅਤੇ ਦਿਨ ਰਾਤੀ ਅੰਮ੍ਰਿਤ ਰੂਪੀ ਬਾਣੀ, ਗੁਰ-ਬਾਣੀ ਦਾ ਅਖੰਡਪਾਠ ਅਤੇ ਅਖੰਡ ਨਿਰਬਾਣ ਕੀਰਤਨ ਹੀ ਉਚਾਰਨ ਕਰਦਾ ਰਹਿੰਦਾ ਹੈ, ਉਹ ਵਡਭਾਗਾ ਜਨ ਇਕ ਪ੍ਰਕਾਰ ਅੰਮ੍ਰਿਤ ਕਥਾ ਹੀ ਦਿਨੇ ਰਾਤ ਕਰਦਾ ਰਹਿੰਦਾ ਹੈ ਅਤੇ ਮਨ ਤਨ ਕਰਕੇ ਅੰਮ੍ਰਿਤ ਪੀਂਦਾ ਰਹਿੰਦਾ ਹੈ । ਏਸ ਅੰਮ੍ਰਿਤ ਕਥਾ ਨੂੰ ਛਡ ਕੇ ਕਥੋਗੜੀ ਕਥਾ (ਮਨ-ਘੜਤ ਕਥਾ) ਕਰਨਾ ਸੁਣਨਾ ਨਿਰੀ ਮਨਮਤਿ ਹੈ, ਕਿਸੇ ਭੀ ਲੇਖੇ ਨਹੀਂ। ਉਪਰਲੇ ਕਥਨ ਦੀ ਪ੍ਰੋੜਤਾ ਲਈ ਹੇਠਲਾ ਗੁਰ ਵਾਕ ਖੂਬ ਢੁਕਦਾ ਹੈ । ਯਥਾ ਗੁਰ ਵਾਕ-
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥੧੬॥
ਮਾਝ ਮਹਲਾ ੩, ਪੰਨਾ ੧੧੮
ਇਸ ਬਿਧਿ ਗੁਰਬਾਣੀ, ਅੰਮ੍ਰਿਤ ਬਾਣੀ ਦੀ ਨਿਰੋਲ ਵਰਖਾ ਕਰਨਹਾਰੇ ਗੁਰਮੁਖ ਜਨ ਕਥਾ ਕੀਰਤਨ ਦੁਆਰਾ ਹੋਰਨਾਂ ਸਰੋਤਿਆਂ ਦੇ ਮੁਖਾਂ ਕੰਠਾਂ ਅੰਦਰਿ ਅੰਮ੍ਰਿਤ ਦੇ ਝਰੋਖੇ ਹੀ ਖੋਲ੍ਹ ਦਿੰਦੇ ਹਨ। ਨਿਰੋਲ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਨੂੰ ਮਨ ਅੰਦਰਿ ਵਸਾਉਣਹਾਰੇ ਹਉਮੈ ਮਤਸਰੀ ਸਭ ਦੁਖ ਆਪਣੇ ਅੰਦਰੋਂ ਗੰਵਾ ਦਿੰਦੇ ਹਨ । ਜੋ ਗੁਰਮੁਖ ਜਨ ਅੰਮ੍ਰਿਤ ਬਾਣੀ ਨੂੰ ਸਦਾ ਹੀ ਸਲਾਹੁੰਦਾ ਅਲਾਉਂਦਾ ਹੈ, ਉਹ ਇਸ ਅੰਮ੍ਰਿਤ-ਮਈ ਸੋਮੇ ਦੁਆਰਾ ਸਦਾ ਅੰਮ੍ਰਿਤ ਆਪਣੇ ਮੁਖ ਅਤੇ ਘਟ ਅੰਦਰਿ ਪਾਉਂਦਾ ਹੈ। ਇਸ ਬਿਧਿ ਅੰਮ੍ਰਿਤ ਬਾਣੀ ਨੂੰ ਨਿਜ ਮਨ ਅੰਦਰਿ ਵਸਾਉਣਹਾਰੇ ਗੁਰਮੁਖ ਜਨ ਪਰ ਗੁਰੂ ਸਾਹਿਬ ਵਾਰਨੇ ਬਲਿਹਾਰਨੇ ਜਾਂਦੇ ਹਨ।