ਜਾਗ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੁਝਏ ॥
ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥੩॥੨॥
ਬਿਲਾਵਲੁ ਮਹਲਾ ੧, ਪੰਨਾ ੮੪੪
ਇਸ ਗੁਰਵਾਕ ਵਿਖੇ ਭੀ ਗੁਰਬਾਣੀ ਦਾ ਬੋਲਣਾ, ਅਖੰਡਾਕਾਰ ਪਾਠ ਕਰਨਾ, ਕਰੀ ਜਾਣਾ ਹੀ ਅਕੱਥ ਕਹਾਣੀ ਕਰਨਾ ਮੰਨਿਆ ਪਰਮੰਨਿਆ ਗਿਆਨ ਹੈ। ਇਹ ਗੁਰਬਾਣੀ ਬੋਲੀ ਜਾਣਾ ਹੀ ਅਕੱਥ ਕਹਾਣੀ ਇਸ ਵਾਕ ਅੰਦਰਿ 'ਪਦੁ ਨਿਰਬਾਣੀ' ਪ੍ਰਾਪਤ ਕਰਨਹਾਰੀ ਗਰਦਾਨੀ ਗਈ ਹੈ। ਪਰ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖਿ ਜਨ ਹੀ ਬੁਝਦਾ ਹੈ । ਜਿਸ ਨੇ ਬੁੱਝ ਲਿਆ, ਬਸ ਉਹ ਸ਼ਬਦ ਵਿਚਿ ਲੀਨ ਹੋ ਗਿਆ। ਉਸ ਦਾ ਆਪਾ ਭਾਵ ਸਭ ਬਿਨਾਸ ਹੋ ਗਿਆ। ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ, ਤ੍ਰਿਕਾਲ-ਦ੍ਰਿਸ਼ਟਤਾ ਹੋ ਜਾਂਦੀ ਹੈ । ਐਸਾ ਪ੍ਰਤਾਪ ਹੈ ਗੁਰਬਾਣੀ ਦੇ ਨਿਰੋਲ ਪਾਠ ਅਤੇ ਨਿਰਬਾਣ ਕੀਰਤਨ ਕਰਨ ਦਾ । ਕਥੋਲੀਆਂ ਪਾਉਣੀਆਂ ਗੁਰਬਾਣੀ ਦੀਆਂ, ਮਹਾਂ ਮਨਮਤਿ ਹੈ ਅਤੇ ਗੁਰਬਾਣੀ ਦੀ ਹਤਕ ਕਰਨਾ ਹੈ।
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥
ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
ਸੂਹੀ ਮ: ੪, ਪੰਨਾ ੭੫੯
ਪ੍ਰਮਾਰਥੀ-ਪ੍ਰੇਮ-ਮੰਡਲ ਦੀ, ਧੁਰ-ਮੰਜ਼ਲੀ ਪ੍ਰੇਮ ਕਹਾਣੀ ਹੀ ਅਕੱਥ ਕਹਾਣੀ ਹੈ । ਤਿਸ ਨੂੰ ਸੋਈ ਪ੍ਰੀਤਮ ਪਿਆਰਾ ਆਖ ਸਕਦਾ ਹੈ ਜੋ ਇਸ ਪ੍ਰੇਮ-ਪਿੜੀ-ਮੰਜ਼ਲ ਨੂੰ ਪਹੁੰਚਾ ਹੋਇਆ ਹੋਵੇ, ਪ੍ਰੇਮ-ਪਿੜ ਨੂੰ ਪੁਗ ਖਲੋਤਾ ਹੋਵੇ । ਓਹੀ ਆਖੇ ਤਾਂ ਆਖੇ ।