ਜਿਨ ਚਾਖਿਆ ਸੋਈ ਸਾਦੁ ਜਾਣਨਿ ਜਿਉ ਗੁੰਗੋ ਮਿਠਿਆਈ ॥
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥੬॥੧॥
ਸੋਰਠਿ ਮਹਲਾ ੧, ਪੰਨਾ ੬੩੫
ਜਿਨ੍ਹਾਂ ਨੇ ਇਸ ਅਕੱਥ ਕਥਾ (ਗੁਰਬਾਣੀ) ਦਾ ਰਸ ਚਖਿਆ ਹੈ ਅਤੇ ਮਾਣਿਆ ਹੈ, ਤਿਨ੍ਹਾਂ ਨੂੰ ਹੀ ਇਸ ਅਕੱਥ ਕਥਾ ਦੀ ਸਾਰ ਹੈ । ਉਹ ਜਿਉਂ ਜਿਉਂ ਨਿਰੋਲ ਪਾਠ ਕਰਿ ਕਰਿ, ਨਿਰਬਾਣ ਅਖੰਡ ਕੀਰਤਨ ਕਰਿ ਕਰਿ ਰਸ ਮਾਣਦੇ ਹਨ, ਤਿਉਂ ਤਿਉਂ ਇਸੇ ਰਸ ਸੁਆਦ ਵਿਚ ਗੜੂੰਦ ਹੁੰਦੇ ਜਾਂਦੇ ਹਨ । ਜਿਉਂ ਜਿਉਂ ਉਹ ਨਿਰਬਾਣ ਅਕੱਥ ਕਥਾ ਕਰਦੇ ਹਨ, ਤਿਉਂ ਤਿਉਂ ਹੋਰ ਨਿਰਬਾਣ ਕਥਾ ਕੀਰਤਨ, ਨਿਰੋਲ ਗੁਰਬਾਣੀ ਪਾਠ, ਨਿਰੋ ਪਾਠ ਵਿਚਿ ਹੀ ਮਸਤ ਅਲ-ਮਸਤ ਹੁੰਦੇ ਜਾਂਦੇ ਹਨ । ਸਰਬੱਗੀ ਅਕੱਥ ਕਥਾ ਨੂੰ ਅਲਪਗ ਕਥਨੀ ਬਦਨੀ ਦੁਆਰਾ ਕੀ ਕਥਨਾ ਹੈ ? ਨਾ ਕਥਨਾ ਹੀ ਭਲਾ ਹੈ। ਹੁਕਮ ਰਜ਼ਾ ਵਿਚਿ ਚਲਣਾ ਹੀ ਭਲੇਰਾ ਹੈ । ਧੁਰੋਂ ਪਠਾਈ, ਧੁਰੋਂ ਹੁਕਮਾਈ ਗੁਰਬਾਣੀ ਦੇ ਧੁਰ ਹੁਕਮ ਏ ਅਖੰਡ ਪਾਠ ਕੀਰਤਨ ਵਿਚਿ ਮਜਜੂਬ ਰਹਿਣਾ ਸੱਚਿਆਂ ਹੁਕਮੀ ਬੰਦਿਆਂ ਗੁਰਸਿੱਖਾਂ ਦਾ ਕੰਮ ਅਤੇ ਅਹਮ ਫੁਰਨਾ ਹੈ।
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥ ॥
ਅਕਥ ਕੀ ਕਥਾ ਸੁਣੇਇ ॥
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥੨੪॥
ਸਲੋਕ ਮ: ੧, ਮਲਾਰ ਕੀ ਵਾਰ, ਪੰਨਾ ੧੨੮੯
ਇਹ ਗੁਰਵਾਕ ਸਪੱਸ਼ਟ ਅਤੇ ਸਫ਼ ਦ੍ਰਿੜਾਉਂਦਾ ਹੁਕਮਾਉਂਦਾ ਹੈ ਕਿ ਜਿਹੜੀ ਧੁਰੋਂ ਆਈ, ਹੁਕਮਾਈ ਅਕੱਥ ਕਥਾ ਸਚੋ ਸੱਚ ਜਾਪਦੀ ਹੈ, ਉਸ ਨੂੰ ਅਲਪਗ ਰਸਨਾਵੀ ਕਥਨੀ ਬਦਨੀ ਦੁਆਰਾ ਕੀ ਕਥਨਾ ਹੈ ਅਤੇ ਕੀ ਆਖਣਾ ਹੈ । ਭਾਵ, ਅਕੱਥ ਕਥਾ, ਸਚੋ ਸੱਚ ਲਿਖੀ ਲਿਖਾਈ ਸੁਤੇ ਆਈ ਕਥਾ ਨੂੰ ਬਨਾਵਟੀ ਕਥਾ ਕਰਿ ਕਰਿ ਕਥਨਾ ਬਦਨਾ ਬਿਲਕੁਲ ਬੇਅਰਥ ਹੈ। ਬਸ ਧੁਰੋਂ ਆਈ ਅਕੱਥ ਕਥਾ ਗੁਰਬਾਣੀ ਨੂੰ ਸੁਣੀ ਹੀ ਜਾਵੇ । ਕੀ ਇਸੇ ਅਕੱਥ ਕਥਾ ਦੇ ਸੁਣਨ ਵਿਚਿ ਇਕਤਫ਼ਾ ਨਹੀਂ ਕਰ ਸਕੀਦਾ । ਗੁਰਬਾਣੀ ਰੂਪੀ ਨਿਰੋਲ ਅਕੱਥ ਕਥਾ ਸੁਣਨ ਦੀ ਬੜੀ ਬਰਕਤ ਹੈ, ਬੜਾ ਪ੍ਰਤਾਪ ਹੈ, ਬੜਾ ਮਹਾਤਮ ਹੈ । ਇਸ ਅਕੱਥ ਕਥਾ ਦੇ ਸੁਣਨ ਦਾ ਸਦਕਾ ਸਾਰੀਆਂ ਅਜ਼ਗੈਬੀ ਤਾਕਤਾਂ ਪਿਛੇ ਲਗੀਆਂ ਫਿਰਦੀਆਂ ਹਨ। ਕੀ