

ਪਾਰਬ੍ਰਹਮੁ ਹੋਆ ਸਹਾਈ॥ ਕਥਾ ਕੀਰਤਨੁ ਸੁਖਦਾਈ ॥
ਗੁਰ ਪੂਰੇ ਕੀ ਬਾਣੀ ॥ ਜਪਿ ਅਨਦੁ ਕਰਹੁ ਨਿਤ ਪਰਾਣੀ ॥੧॥੨੭॥
ਸੋਰਠਿ ਮਹਲਾ ੫, ਪੰਨਾ ੬੧੬
ਭਾਵ-(੧) ਨਿਰੋਲ ਅਤੇ ਨਿਰਬਾਣ ਸੁਖਦਾਈ ਕਥਾ ਕੀਰਤਨ ਦੀ ਦਾਤਿ ਤਿਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਪਾਰਬ੍ਰਹਮ ਆਪਿ ਸਹਾਈ ਹੁੰਦਾ ਹੈ । (੨) ਗੁਰ ਪੂਰੇ ਦੀ ਬਾਣੀ (ਗੁਰਬਾਣੀ) ਦਾ ਵਖਾਨਣਾ ਅਤੇ ਕੀਰਤਨ ਕਰਨਾ ਹੀ ਗੁਰਮਤਿ ਅੰਦਰਿ ਪਰਵਾਣ ਹੈ । (੩) ਇਸ ਗੁਰਬਾਣੀ ਰੂਪੀ ਕਥਾ ਨੂੰ ਹੀ ਸਦਾ ਜਪਣਾ ਹੈ । ਗੁਰਬਾਣੀ ਦੇ ਨਿਰੋਲ ਕੀਰਤਨ ਨੂੰ ਹੀ ਨਿਤਾਪ੍ਰਤੀ ਕਰਨਾ ਹੈ । (੪) ਗੁਰਬਾਣੀ ਦਾ ਫ਼ਿਲਖਿਦੀਹ ਕਥਨ ਕੀਰਤਨ ਜਪੁ ਸਰੂਪ ਹੈ, ਸਿਫਤਿ ਸਾਲਾਹ ਹੈ ਨਿਰੀ । ਗੁਰਬਾਣੀ ਦਾ ਸਿਫਤਿ ਸਾਲਾਹ ਰੂਪੀ ਜਾਪ ਰਟਣ ਹੀ ਆਪਣੇ ਸਰੂਪ ਵਿਚਿ ਸਫਲਾ ਅਤੇ ਸੁਖਦਾਈ ਹੈ। ਮਨ-ਉਕਤ ਗਪੌੜੇ ਇਸ ਗੁਰਬਾਣੀ ਦੇ ਨਾਲ ਮਿਲਾ ਕੇ, ਇਸ ਨਿਰੋਲ ਪਵਿਤ੍ ਰਤਨ ਨੂੰ ਕੌਡੀ ਘੱਟ ਰਲਾਉਣਾ ਹੈ । ਇਸ ਨਿਰੋਲ ਬਾਣੀ, ਗੁਰਬਾਣੀ (ਗੁਰ ਪੂਰੇ ਕੀ ਬਾਣੀ) ਦੇ ਨਿਤ ਜਪਿਆਂ (ਸੇਵਨ ਕੀਤਿਆਂ) ਹੀ ਅਕਹਿ ਆਤਮ-ਆਨੰਦ ਆਇ ਵੁਠਦਾ ਹੈ (ਅਮਰੋਂ ਆਣਿ ਪ੍ਰਾਪਤ ਹੁੰਦਾ ਹੈ) । ਇਹੀ ਤਾਂ ਗੁਰਬਾਣੀ ਦੀ ਪਾਰਸ-ਕਲਾ ਹੈ ਅਤੇ ਅੰਮ੍ਰਿਤ ਆਵੇਸ਼ਨੀ ਰਸਾਇਣ ਹੈ, ਜੋ ਕਿਸੇ ਕਚੀ ਕੱਚ-ਪਿਚੀ ਬਾਣੀ ਤੋਂ ਨਸੀਬ ਨਹੀਂ ਹੋ ਸਕਦਾ । ਗੁਰ-ਦੀਖਿਆ ਗੁਰਮੰਤ੍ਰ (ਗੁਰਮਤਿ ਨਾਮ) ਦਾ ਜਾਪ ਭੀ ਗੁਰਬਾਣੀ ਦਾ ਜਾਪ ਹੀ ਹੈ । ਬਲਕਿ ਗੁਰੂ ਦਾ ਮੁਖੀ (ਸਭ ਤੋਂ ਮੁਖੀ, ਮੰਬਾ ਬਾਣੀ) 'ਵਾਹਿਗੁਰੂ' ਰੂਪੀ ਬਾਣੀ ਹੀ ਹੈ । ਇਸੇ ਗੁਰਮੁਖਿ (ਮੁਢ) ਗੁਰਬਾਣੀ ਨੂੰ ਸੁਆਸਿ ਸੁਆਸਿ ਜਪਣਹਾਰੇ ਗੁਰ-ਦੀਖਿਅਤ ਗੁਰਸਿਖ ਗੁਰਮੁਖਿ ਸਿਖ ਕਹਾਉਂਦੇ ਹਨ । ਮੁਖੋਂ ਜਪਣਹਾਰੀ, ਸਭ ਤੋਂ ਮੁਖੀ ਗੁਰਬਾਣੀ ਹੋਣ ਕਰਕੇ 'ਗੁਰਮੁਖਿ' ਪੱਦ ਦੇ ਛੇਕੜਲੇ ਖੱਖੇ ਅੱਖਰ ਨੂੰ ਸਿਹਾਰੀ ਹੈ । ਅਕਸਰ ਹਮੇਸ਼ਾ ਹੀ ਸਿਹਾਰੀ ਆਉਂਦੀ ਹੈ।