

ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
ਸੋਰਠਿ ਮਹਲਾ ੫, ਪੰਨਾ ੬੧੬
ਇਸ ਗੁਰ-ਵਾਕ ਵਿਖੇ ਭੀ 'ਹਰਿ ਕੀ ਕਥਾ' ਤੋਂ ਭਾਵ ਗੁਰਬਾਣੀ ਦਾ ਹੀ ਹੈ । ਗੁਰਬਾਣੀ ਨੂੰ ਹੀ ਏਥੇ 'ਹਰਿ ਕੀ ਕਥਾ' ਬਰਨਿਆ ਗਿਆ ਹੈ । ਇਹ ਗੁਰਬਾਣੀ ਰੂਪੀ 'ਹਰਿ ਕੀ ਕਥਾ' ਸਦਾ ਸੁਹੇਲੀ ਹੈ । ਇਸ ਦੇ ਜਪ ਰੂਪ ਸਿਫਤਿ ਸਾਲਾਹੀ ਵਖਾਨਣ ਕਰਕੇ ਮਨ-ਇੱਛੇ ਮਨ-ਬਾਂਛਤ ਫਲ ਮਿਲਦੇ ਹਨ। ਜੇ ਚਾਹੀਦਾ ਹੈ ਸੋਈ ਪਾਈਦਾ ਹੈ । ਇਸ ਗੁਰਬਾਣੀ ਰੂਪੀ 'ਹਰਿ ਕੀ ਕਥਾ' ਦੇ ਸੇਵਨ (ਸਿਮਰਨ) ਕਰਕੇ ਗੁਰਬਾਣੀ ਸੇਵਨਹਾਰੇ ਗੁਰਸਿਖ ਦਾ ਹਰ-ਬਾਬ ਵਾਹਿਗੁਰੂ ਸਹਾਈ ਹੁੰਦਾ ਹੈ, ਹਰ ਸਮੇ ਹੀ ਸਹਾਇਤਾ ਕਰਦਾ ਹੈ । ਸੁਹੇਲੀ ਕਥਾ ਹਰਿ ਕੀ ਇਹੀ ਹੈ ਕਿ ਗੁਰਬਾਣੀ ਰੂਪੀ ਗੁਣਾਬਾਦ, ਗੁਰਬਾਣੀ ਰੂਪੀ ਨਿਰੋਲ ਪਾਠ ਦੀ ਸ਼ਕਲ ਵਿਚਿ ਹਰ ਸਮੇਂ ਕਰੀ ਜਾਵੇ । ਜਿਹੜੀ ਕਥਾ ਅਲ੍ਹੜ ਅਗਿਆਨੀ ਲੋਗ ਕਰਦੇ ਸੁਣਦੇ ਹਨ, ਉਹ ਕਥਾ ਹਰਗਿਜ਼ ਸੁਹੇਲੀ ਕਥਾ ਨਹੀਂ, ਕਿਉਂ ਜੁ ਉਹ ਤਾਂ ਕਥਾ ਹੀ ਨਹੀਂ । ਆਪਣੀ ਅਲਪੱਗ ਮੂੜ ਮਤਿ ਕੁਬੁਧਿ ਕਥਾ, ਹਰਿ ਕੀ ਸੁਹੇਲੀ ਕਥਾ ਕਦੇ ਨਹੀਂ ਹੋ ਸਕਦੀ । ਅਗਲੇ ਗੁਰ-ਵਾਕ ਵਿਚ ਉੱਕਾ ਹੀ ਸਪੱਸ਼ਟ ਨਿਰਣਾ ਹੋ ਜਾਂਦਾ ਹੈ । ਯਥਾ ਗੁਰਵਾਕ:-
ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥
ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥
ਸੋਰਠਿ ਮ: ੫, ਪੰਨਾ ੬੨੬
ਅਨਿੰਨ ਗੁਰਮੁਖ ਜਨ ਅੰਮ੍ਰਿਤ ਬਾਣੀ (ਗੁਰਬਾਣੀ) ਹੀ ਮੁਖੋਂ ਬੋਲ ਕੇ ਉਚਾਰਦੇ ਹਨ । ਇਹ ਓਹਨਾਂ ਦਾ ਅੰਮ੍ਰਿਤ ਬਾਣੀ ਬੋਲਣਾ, ਗੁਰਬਾਣੀ ਦਾ ਮੁਖ ਉਚਾਰਨਾ ਵਾਹਿਗੁਰੂ ਦੀ ਅਕੱਥ ਕਥਾ ਰੂਪੀ ਕਹਾਣੀ ਦਾ ਕਰਨਾ ਹੈ। ਇਹ ਗੁਰਬਾਣੀ (ਅੰਮ੍ਰਿਤ ਬਾਣੀ) ਗੁਰੂ ਨਾਨਕ ਨਿਰੰਕਾਰੀ ਦੁਆਰਾ ਨਿਰੰਕਾਰ ਦੀ ਦਰਗਾਹੋਂ ਉਤਰੀ ਹੈ, ਧੁਰੋਂ ਆਈ ਹੈ । ਏਸੇ ਪੂਰੇ ਗੁਰੂ, ਗੁਰੂ ਨਾਨਕ ਤੋਂ ਹੀ ਜਾਣੀ ਜਾਂਦੀ ਹੈ, ਐਵੇਂ ਨਹੀਂ। ਗੁਰੂ ਨਾਨਕ ਅਤੇ ਗੁਰੂ ਰੂਪ ਜੋਤਿ ਜਾਮਿਆਂ ਦੁਆਰਾ ਹੀ ਗੁਰੂ ਦੇ ਸਦ ਪ੍ਰਤਾਪੀ ਪ੍ਰਸਾਦ ਦੁਆਰਾ ਹੀ ਜਾਣੀ ਜਾਂਦੀ ਹੈ। ਨਿਗੁਰੇ ਪੁਰਸ਼ ਇਸ ਗੁਰਬਾਣੀ ਦੀ ਗਤਿ ਮਿਤਿ ਕਿਛੁ ਨਹੀਂ ਜਾਣਦੇ । ਜਿਨ੍ਹਾਂ ਨੇ ਗੁਰੂ ਧਾਰਨ ਹੀ ਨਹੀਂ ਕੀਤਾ ਗੁਰਮਤਿ ਦਰਸਾਈ ਜੁਗਤੀ ਅਨੁਸਾਰ, ਓਹਨਾਂ ਨੂੰ ਕੀ ਸਾਰ ਇਸ ਅੰਮ੍ਰਿਤ-ਕਲਾ ਗੁਰਬਾਣੀ ਦੀ ? ਗੁਰਬ ਣੀ ਦੀ ਅੰਮ੍ਰਿਤ-ਕਲਾ ਨਿਗੁਰੇ ਪੁਰਸ਼ਾਂ ਤੇ ਵਰਤ ਹੀ ਨਹੀਂ ਸਕਦੀ, ਭਾਵੇਂ ਆਪ-ਹੁਦਰੇ ਕਿਤਨਾ ਹੀ ਪੱਪ ਪੱਪ ਕਰਨਿ ਪਏ। ਏਥੇ ਉਪਰਲੇ ਭਾਵ ਦੀ ਪ੍ਰੋੜਤਾ ਲਈ ਅਗਲੇਰਾ ਗੁਰ-ਵਾਕ ਉਚਰਣਤ ਹੈ:-