

ਗੁਰ ਪੂਰੈ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥
ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥
ਸੋਰਠਿ ਮ: ੫, ਪੰਨਾ ੬੨੯
ਭਾਵ-ਇਹ ਗੁਰ ਪੂਰੇ ਦੀ ਬਾਣੀ (ਗੁਰਬਾਣੀ) ਨਿਰਮਲ (ਮਲ-ਰਹਿਤ) ਅਕੱਥ ਕਹਾਣੀ ਹੈ। ਮਲ-ਰਹਿਤ ਹੋਣ ਕਰ ਹੀ, ਨਿਰਮਲ ਨਿਰੋਲ ਸਰੂਪ ਵਿਚਿ ਕਥੀ ਜਾਣ ਕਹਿ ਹੀ ਪਾਰਬ੍ਰਹਮ ਨੂੰ ਭਾਉਂਦੀ ਹੈ। ਅਲਪੱਗ ਮਨਾਂ ਦੀ ਮਤਿ ਦੀ ਮਲੀਨਤਾ ਮਿਲਣ ਕਰਕੇ (ਨਾਲਿ ਹਲਣ ਕਰਕੇ) ਇਹ ਗੁਰੂ ਕਰਤਾਰ ਨੂੰ ਭਾਉਂਦੀ ਹੀ ਨਹੀਂ । ਨਾ ਹੀ ਨਿਰਮਲ ਅੰਮ੍ਰਿਤ ਬਾਣੀ ਕਹਾਉਂਦੀ ਹੈ । ਇਸ ਵਿਚਿ ਮਨਮਤਿ ਦੀ ਮਲੀਨਤਾ ਜੁ ਮਿਲ ਰੱਲ ਗਈ। ਜਿਸ ਸ਼ਕਲ ਵਿਚ, ਜਿਸ ਸਰੂਪ ਵਿਚਿ, ਜਿਨ੍ਹਾਂ ਅੱਖਰਾਂ ਵਿਚਿ ਗੁਰੂ ਨਾਨਕ ਦੁਆਰਾ ਇਹ ਗੁਰਬਾਣੀ ਵਖਾਣੀ ਗਈ ਹੈ, ਓਹਨਾਂ ਅੱਖਤਾਂ ਵਿਚ ਹੀ ਆਖੀ ਭਾਖੀ ਗਈ ਇਹ ਗੁਰਬਾਣੀ ਪਰਵਾਣ ਹੈ। ਮਿਸਰਤ ਬਾਣੀ ਨਿਰੋਲ ਬਾਣੀ ਰਹਿੰਦੀ ਹੀ ਨਹੀਂ । ਅੰਮ੍ਰਿਤ ਕਲਾ ਇਸ ਵਿਚੋਂ ਢਹਿ ਜਾਂਦੀ ਹੈ । ਅਕੱਥ ਕਹਾਣੀ ਰੂਖੀ ਤਦੇ ਹੀ ਇਹ ਬਾਣੀ ਰਹਿੰਦੀ ਹੈ, ਜੇਕਰ ਬਣੀ ਤਣੀ ਨਿਰੋਲ ਬਾਣੀ ਗੁਰੂ ਮੁਖੋਂ ਉਚਾਰੀ ਹੋਈ, ਐਨ ਓਸੇ ਸ਼ਕਲ ਵਿਚਿ ਰਹੇ, ਜਿਸ ਪ੍ਰਕਾਰ ਗੁਰੂ ਦੁਆਰਿਓਂ ਅਵਤਰੀ ਹੈ । ਤਦ ਹੀ ਇਸ ਦੀ ਪਾਰਸਾਣੀ-ਅੰਮ੍ਰਿਤ-ਕਲਾ ਕਾਇਮ ਦਾਇਮ ਰਹਿ ਸਕਦੀ ਹੈ। ਇਸ ਭਾਵ ਦੀ ਅਗਲੇਰਾ ਗੁਰਵਾਕ ਹੋਰ ਭੀ
ਪ੍ਰੋੜਤਾ ਕਰਾਉਂਦਾ ਹੈ—
ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥੬॥੧॥
ਸੋਰਠਿ ਮਹਲਾ ੧ ਅਸਟ: ਪੰਨਾ ੬੩੫
ਇਸ ਗੁਰਬਾਣੀ ਦਾ ਅੰਮ੍ਰਿਤ ਰਸ ਰਸਕ ਸੁਆਦ ਸੇਈ ਗੁਰਮੁਖਿ ਜਾਣਦੇ ਹਨ, ਜਿਨ੍ਹਾਂ ਨੇ ਇਸ ਗੁਰਬਾਣੀ ਦੀ ਅਭਿਆਸ ਕਮਾਈ ਕੀਤੀ ਹੈ । ਜਿਨਾ ਗੁਰਮੁਖਾਂ ਨੂੰ ਇਸ ਬਾਣੀ, ਗੁਰਬਾਣੀ ਦਾ ਅੰਮ੍ਰਿਤ ਰਸ (ਸੁਆਦ) ਆਇਆ ਹੈ ਓਹੀ ਇਸ ਰਸ (ਸੁਆਦ) ਨੂੰ ਜਾਣਦੇ ਹਨ ਅਤੇ ਅੰਦਰੋ ਅੰਦਰਿ ਮਾਣਦੇ ਹਨ ਅਤੇ ਰਸ ਸੁਆਦ ਮਾਣਿ ਮਾਣਿ ਗੂੰਗੇ ਹੋਇ ਰਹਿੰਦੇ ਹਨ । ਗੁੰਗੱਸਟ ਮੁਖੀਆਂ ਨੂੰ ਕੋਈ ਪੁਛੇ, ਸੁਆਦ ਕਿਹੋ ਜਿਹਾ ਹੈ, ਓਹ ਦਸ ਨਹੀਂ ਸਕਦੇ । ਓਹ ਤਾਂ ਰਸ ਸੁਆਦ ਲੈ ਕੇ ਭੁੰਚੀ ਹੀ ਜਾਂਦੇ ਹਨ, ਕਿਸੇ ਨੂੰ ਦਸਣ ਜੋਗੇ ਰਹਿੰਦੇ ਹੀ ਨਹੀਂ ।
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥੧॥
ਸੋਰਠਿ ਮ: ੫, ਪੰਨਾ ੬੩੯