

ਹਰਿ ਕਥਾ ਹਰਿ ਜਸ ਸਾਧ ਸੰਗਤਿ ਸਿਉ,
ਇਕੁ ਮੁਹਤੁ ਨ ਇਹੁ ਮਨੁ ਲਾਇਓ ॥੧॥੩॥
ਟੋਡੀ ਮ: ੫, ਪੰਨਾ ੭੧੨
ਇਹ ਹਰਿ ਜਸ ਰੂਪੀ ਹਰਿ ਕਥਾ ਗੁਰੂ ਘਰ ਦੀ ਸਾਧ ਸੰਗਤਿ ਵਿਚ ਹੀ ਮਿਲ ਕੇ ਪ੍ਰਾਪਤ ਹੁੰਦੀ ਹੈ।
ਸਨਿ ਮਨ ਅਕਥ ਕਥਾ ਹਰਿ ਨਾਮ ॥
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ਰਹਾਉ॥
ਬੈਰਾੜੀ ਮ: ੪, ਪੰਨਾ ੭੧੯
ਗੁਰਮਤਿ ਨਾਮ (ਵਾਹਿਗੁਰੂ ਨਾਮ) ਰਮਤ ਰਾਮ ਦਾ ਬਾਰੰਬਾਰ ਜਪਣਾ (ਭਜਣਾ) ਹੀ ਅਕੱਥ ਕਥਾ ਇਸ ਗੁਰਵਾਕ ਅੰਦਰਿ ਸਪਸ਼ਟ ਹੋਈ ਹੈ। ਇਸ ਗੁਰਮਤਿ ਨਾਮ ਰੂਪੀ ਹਰਿ ਕਥਾ ਦੇ ਭਜਿਆਂ ਰਿੱਧੀਆਂ ਸਿੱਧੀਆਂ ਸ੍ਰੇਸ਼ਟ ਬੁਧੀਆਂ ਪ੍ਰਾਪਤ ਹੁੰਦੀਆਂ ਹਨ । ਗੁਰਮਤਿ ਦੁਆਰਾ ਮਿਲਿਆ ਗੁਰ-ਦੀਖਿਆ ਮਈ ਗੁਰਮਤਿ ਨਾਮ ਹੀ ਹਰਿ ਕਥਾ ਹੈ। ਇਸ ਅੰਮ੍ਰਿਤ ਨਾਮ ਨੂੰ ਅਜਪਾ ਜਾਪ ਵਿਚਿ ਜਪਣਾ ਅਕੱਥ ਕਥਾ ਦਾ ਕਰਨਾ ਹੈ। ਇਹ ਕਥਾ, ਜਿਸ ਦੇ ਕਰਨ ਸੁਣਨ ਦਾ ਆਮ ਤੌਰ ਤੇ ਰਿਵਾਜ ਪਇਆ ਹੋਇਆ ਹੈ, ਹਰਗਿਜ਼ ਅਕੱਥ ਕਥਾ ਨਹੀਂ । ਗੁਰੂ ਘਰ ਅੰਦਰ ਇਸ ਰਿਵਾਜ ਦਾ ਪੈਣਾ ਗੁਰਮਤਿ ਕਥਾ ਨੂੰ ਕਲੰਕਤ ਕਰਨਾ ਹੈ।
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ,
ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ਰਹਾਉ॥੮॥
ਸੂਹੀ ਮ: ੪, ਪੰਨਾ ੭੩੩
ਏਥੇ ਉਹ ਕਥਾ, ਜਿਸ ਨੂੰ ਅਕੱਥ ਕਥਾ ਕਰਕੇ ਸੁਭਾਖਿਆ ਗਇਆ ਹੈ। ਅਤੇ ਜਿਸ ਕਥਾ ਦੇ ਸੁਣਨ ਕਰਕੇ ਦੂਖ ਭੂਖ ਦਾ ਸੰਸਾ ਸਭ ਦੂਰ ਹੋ ਜਾਂਦਾ ਹੈ, ਉਹ ਗੁਰਬਾਣੀ ਰੂਪੀ ਹੀ ਅਕੱਥ ਕਥਾ ਹੈ । ਧੁਰੋਂ ਆਈ, ਧੁਰ ਪਠਾਈ ਅਤੇ ਗੁਰਾਂ ਦੁਆਰਾ ਵਿਦਤਾਈ ਗੁਰਬਾਣੀ ਤੋਂ ਬਿਨਾਂ ਅਕੱਥ ਕਥਾ ਹੋਰ ਕੋਈ ਹੋ ਹੀ ਨਹੀਂ ਸਕਦੀ । ਤਾਂ ਤੇ ਗੁਰਬਾਣੀ ਦਾ ਉਚਾਰਨਾ, ਗਾਵਣਾ, ਇੰਨ ਬਿੰਨ ਲਿਖੇ ਅੱਖਰਾਂ ਵਿਚ ਪਾਠ ਕਰਨਾ ਸੁਣਨਾ ਹੀ ਅਕੱਥ ਕਥਾ ਦਾ ਕਰਨਾ ਸੁਣਨਾ ਹੈ । ਏਸੇ ਕਰਕੇ ਇਸ ਗੁਰਵਾਕ ਅੰਦਰਿ ‘ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ' ਵਾਲਾ ਗੁਰ-ਵਾਕ ਰੂਪੀ ਗੁਰ-ਪ੍ਰਮਾਣ ਆਇਆ ਹੈ, ਜਿਸ ਵਿਚ ਫ਼ੁਰਮਾਇਆ ਗਿਆ ਹੈ ਕਿ ਹੇ ਗੁਰੂ ਘਰ ਦੇ ਸਿਖੋ ਸੰਤੋ ! ਹਰਿ ਕੀ ਅਕੱਥ ਕਥਾ ਸੁਨਹੁ ।