

ਇਸ ਗੁਰ ਵਾਕ ਦੀ ਦੂਜੀ ਪੰਗਤੀ ਸਾਫ਼ ਦਸਦੀ ਹੈ ਕਿ ਗੁਰਬਾਣੀ ਰੂਪੀ ਸੱਚੇ ਗੁਣਾਂ ਦਾ ਨਿਤ ਨਿਤ ਅਤੇ ਅਨਦਿਨ ਗਾਵਣਾ ਤੇ ਗਾਈ ਜਾਵਣਾ ਹੀ ਅਕੱਥ ਕਥਾ ਰੂਪੀ ਕਹਾਣੀ ਕਰਨਾ ਹੈ। ਜਿਸ ਦਾ ਪਾਰਸ ਰਸਾਇਣੀ ਪ੍ਰਤਾਪ ਇਹ ਹੁੰਦਾ ਹੈ ਕਿ ਗੁਰਬਾਣੀ ਰੂਪੀ ਅਕੱਥ ਕਥਾ ਕਥਨ ਅਤੇ ਸੁਣਨਹਾਰੇ ਮਨ ਵਿਚੋਂ ਮੋਹ ਮਮਤਾ- ਮਈ ਗੁਬਾਰ ਚੁਕਿਆ ਜਾਂਦਾ ਹੈ । ਜੋ ਜਨ, ਜਗਿਆਸੂ ਰੂਪ ਇਸਤ੍ਰੀ ਵਾਹਿਗੁਰੂ ਨੂੰ ਭਾਉਂਦੀ ਹੈ, ਉਸੇ ਨੂੰ ਹੀ ਇਸ ਅਕੱਥ ਕਥਾ ਦੇ ਸੁਣਨ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ ।
ਨਿਰਮਲ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਸੰਤ ਜਨਾ ਵਡ ਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥੩॥੨॥
ਸੂਹੀ ਮ: ੪, ਪੰਨਾ ੭੭੪
ਭਾਵ-ਮੁਖ ਤੋਂ ਵਾਹਿਗੁਰੂ ਬਾਣੀ, ਗੁਰਬਾਣੀ ਬਾਰੰਬਾਰ ਉਚਾਰੀ ਜਾਣ ਕਰਕੇ ਅਤੇ ਵਾਹਿਗੁਰੂ ਦੇ ਗੁਰਬਾਣੀ ਰੂਪੀ ਗੁਣ ਗਾਈ ਜਾਣ ਕਰਿ, ਵਾਹਿਗੁਰੂ ਨਿਰੰਕਾਰ ਨਿਰੰਜਨ ਪ੍ਰੀਤਮ ਦੀ ਪ੍ਰਾਪਤੀ ਸੁਤੇ ਸਹਿਜ ਹੀ ਹੋ ਜਾਂਦੀ ਹੈ । ਵਡਭਾਗੀ ਸੰਤ ਜਨਾਂ ਨੇ ਇਹ ਉਪਰ ਦਸੀ ਗੁਰ-ਬੋਲਨ ਅਤੇ ਗੁਣ ਗਾਵਣ ਵਾਲੀ ਅਕੱਥ ਕਹਾਣੀ ਕਥਾ ਜਾਣ ਕਰਿ ਹੀ ਪ੍ਰੀਤਮ ਪੱਦ (ਮਰਤਬਾ) ਪਾਇਆ ਹੈ। ਇਸ ਗੁਰਵਾਕ ਦੇ ਭਾਵ ਤੋਂ ਭਲੀ ਭਾਂਤ ਸਿੱਧ ਹੋਇਆ ਕਿ ਹਰੀ ਗੁਣ ਗਾਈ ਜਾਣਾ ਅਤੇ ਗੁਰਬਾਣੀ ਰੂਪ ਹਰਿ ਹਰਿ (ਵਾਹਿਗੁਰੂ ਵਾਹਿਗੁਰੂ) ਉਚਾਰੀ ਜਾਣਾ ਹੀ ਸਚੀ ਅਕੱਥ ਕਥਾ ਕਥਣਾ ਹੈ।
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਉਤਮ ਬਾਣੀ ॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥੧॥੭॥
ਸੂਹੀ ਮ: ੫, ਪੰਨਾ ੭੮੧
ਇਸ ਗੁਰ ਵਾਕ ਦੀ ਇਸ ਦੁਤੁਕੀ ਤੋਂ ਇਹ ਤੱਤ ਭਾਵ ਨਿਕਲਦਾ ਹੈ ਕਿ ਗੁਰਬਾਣੀ ਰੂਪ ਪ੍ਰਭ ਕੀ ਜੋ ਊਤਮ ਬਾਣੀ ਹੈ, ਇਸ ਨੂੰ ਗਾਵਣਾ ਹੀ ਹਰਿ ਗੁਣ ਗਾਵਣਾ ਹੈ । ਹਰਿ ਗੁਣ ਗਾਵਣ ਦੀ ਪਾਰਸ ਕਲਾ ਕਰਿ ਹੀ ਪਰਮ ਪਦ ਪਾਇਆ ਜਾਂਦਾ ਹੈ । ਪ੍ਰਭ ਕੀ ਊਤਮ ਬਾਣੀ (ਗੁਰਬਾਣੀ) ਰੂਪੀ ਗੁਣ ਗਾਵਣਾ ਹੀ ਵਾਹਿਗੁਰੂ ਦੀ ਅਤਿ ਮੀਠੀ ਸਹਜ ਕਥਾ ਹੈ ਅਤੇ ਇਹੀ ਅਕੱਥ ਕਥਾ ਕਹਾਣੀ ਹੈ, ਜੋ ਵਾਹਿਗੁਰੂ ਗੁਰੂ ਕਰਤਾਰ ਨੇ ਆਪਿ ਕਥੀ ਹੈ। ਇਸੇ ਸਹਿਜ ਅਕੱਥ ਕਹਾਣੀ ਰੂਪੀ ਕਥਾ ਨੂੰ ਹੀ ਕਥੀ ਜਾਣਾ ਗੁਰਸਿੱਖਾਂ ਦਾ ਪਰਮ ਧਰਮ ਹੈ। ਇਸ ਸਹਜ ਕਥਾ ਦੇ ਕਥਿਆਂ ਅਤੇ ਕਥੀ ਜਾਣ ਕਰਿ ਸੁਤੇ ਸੁਭਾਵ ਹੀ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ।