

ਜਿਨ੍ਹਾਂ ਦੇ ਭਾਗ ਮਸਤਕ ਉਤੇ ਪੂਰਬਲੇ ਸੰਜੋਗ ਕਰਕੇ ਵਡੇ ਭਾਗ ਲਿਖੇ ਹੋਏ ਹੁੰਦੇ ਹਨ, ਓਹੀ ਇਸ ਨਾਮ ਅਭਿਆਸੀਆਂ ਅਕੱਥ ਅਕੱਥਾਸੀਆਂ ਦੇ ਸੰਗਮ ਵਿਚ ਸ਼ਾਮਲ ਹੁੰਦਾ ਹੈ ਅਤੇ ਰਾਮ ਜਨਾਂ ਦਾ ਪਾਰਸ ਰੂਪੀ ਦਰਸ਼ਨ ਪਰਸ ਕੇ ਪ੍ਰਫੁਲਤ ਹੁੰਦਾ ਹੈ । ਗੁਰੂ ਸਾਹਿਬ ਅਤੇ ਗੁਰਮੁਖਿ ਜਨਾਂ ਦੀ ਹਰਦਮ ਇਹੀ ਅਕਾਂਖਿਆ ਰਹਿੰਦੀ ਹੈ ਕਿ ਹੋ ਪ੍ਰੇਮ ਅਖਾੜੇ ਦੇ ਸੰਤ ਜਨੋ ! ਕਿਰਪਾ ਕਰਕੇ ਇਹ ਅਨੰਦ ਸਮਾਗਮੀ ਦਰਸ਼ਨ ਦਿੰਦੇ ਹੀ ਰਹੋ, ਜਿਸ ਕਰਕੇ ਸਭ ਦੁਖ ਦਲਿਦਰ ਦੂਰ ਹੁੰਦੇ ਹੀ ਰਹਿਣ ।
ਇਸ ਸਤਿਸੰਗ ਮੰਡਲੀ ਸਮਾਗਮ ਵਿਚਿ ਸਜੇ ਹੋਏ ਵਾਹਿਗੁਰੂ ਪਰਮਾਤਮਾ ਦੇ ਵਰੋਸਾਏ ਹੋਏ ਇਕ ਤੋਂ ਇਕ ਚੜ੍ਹਦੇ ਗੁਰਮੁਖਿ ਜਨ ਚੰਗੇ ਤੋਂ ਚੰਗੇ ਨਾਮ ਰਸੀਏ ਪਰਸਪਰ ਮਿਲ ਕੇ ਨਾਮ ਅਭਿਆਸ ਖੰਡੇ ਦੀਆਂ ਘੁੰਮਰਾਂ ਪਾਉਂਦੇ ਹਨ । ਪਰ ਭਾਗਹੀਣਾਂ ਨੂੰ ਓਹ ਸੁਖਾਵੰਦੇ ਨਹੀਂ। ਜਿਉਂ ਜਿਉਂ ਨਾਮ ਖੜਗੇਸੀ ਗੁਰਮੁਖਿ ਜਨ ਉਚੀ ਉਚੀ ਨਾਮ ਦਾ ਖੰਡਾ ਖੜਕਾਉਂਦੇ ਹਨ, ਤਿਉਂ ਤਿਉਂ ਨਿੰਦਕ ਨਰਾਂ ਦੇ ਮਨਾਂ ਤਨਾਂ ਵਿਚਿ ਬਿੱਛੂ ਦੇ ਡੰਗ ਸਾਰਖੇ ਡੰਗ ਚੁਭਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਐਸੇ ਨਰ ਨਿੰਦਕਾਂ ਦਾ ਧ੍ਰਿਗ ਧ੍ਰਿਗ ਜਨਮ ਹੈ, ਜਿਨ੍ਹਾਂ ਨੂੰ ਹਰਿ ਕੇ ਸਖਾ ਸਖਾਇ, ਐਸੇ ਨਾਮ ਦੇ ਅਭਿਆਸੀ ਜਨ, ਗੁਰਮੁਖਿ ਪਿਆਰੇ ਨਹੀਂ ਭਾਉਂਦੇ। ਓਹ ਹਰਿ ਕੇ ਚੋਰ ਹਨ, ਗੁਰੂ ਤੋਂ ਬੇਮੁਖ ਹਨ। ਕਾਲੇ ਮੂੰਹਾਂ ਵਾਲੇ ਨਿੰਦਕ ਹਨ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਦੀ ਪੈਜ ਨਹੀਂ ਭਾਉਂਦੀ ਅਤੇ ਤੱਤ ਗੁਰਮਤਿ ਕਥਾ ਨਹੀਂ ਸੁਖਾਉਂਦੀ ।
ਗੁਰੂ ਨਾਨਕ ਸਾਹਿਬ ਫੇਰ ਏਹਨਾਂ ਹੀ ਬੇਮੁਖ ਕਾਲੇ ਨਿੰਦਕਾਂ ਤੇ ਤਰਸ ਖਾ ਕੇ ਪਰਮਾਤਮਾ ਅਗੇ ਇਉਂ ਪ੍ਰਾਰਥਨਾ ਕਰਦੇ ਹਨ-ਹੇ ਵਾਹਿਗੁਰੂ ! ਆਪਣੀ ਅਪਾਰ ਦਇਆ ਮਇਆ ਕਰਕੇ ਏਹਨਾਂ ਅਕ੍ਰਿਤਘਣਾਂ ਨੂੰ ਭੀ ਉਭਾਰੋ, ਜੋ ਦੀਨ ਹੋ ਕੇ ਸਾਰੇ ਪਿਛਲੇ ਗੁਣਾਂ ਨੂੰ ਬਖ਼ਸ਼ਾਇ ਕੈ ਤੇਰੀ ਸਰਨ ਆਇ ਪਏ ਹਨ। ਹੇ ਪਿਤਾ ਪ੍ਰਭੂ ! ਮੇਰੇ ਵਾਹਿਗੁਰੂ ! ਅਸੀਂ ਸਭ ਤੇਰੇ ਬਾਰਕ ਇਆਣੇ ਹਾਂ । ਸਭਨਾਂ ਨੂੰ ਬਖ਼ਸ਼ ਕੇ ਆਪਣੇ ਨਾਲਿ ਮਿਲਾਇ ਲਓ । ਸਦਾ ਸਦਾ ਹੀ ਅਖੰਡ ਕੀਰਤਨ ਤੇ ਨਿਰਬਾਣ ਕਥਾ ਸੁਣਨ ਦਾ ਅਵਸਰ ਸਾਰਿਆਂ ਨੂੰ ਬਖ਼ਸ਼ੋ ।
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰਧਾਰੇ ॥
ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥
ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ਰਹਾਉ॥
ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤ ਨ ਪਾਵਹਿ ਪਾਰੇ ॥