

ਹਰਿ ਕੇ ਸੰਤ ਸਦਾ ਪਰਵਾਣੁ॥ ਸੰਤ ਜਨਾ ਮਸਤਕਿ ਨੀਸਾਣੁ ॥
ਦਾਸ ਕੀ ਰੇਣੁ ਪਾਏ ਜੇ ਕੋਇ॥ ਨਾਨਕ ਤਿਸ ਕੀ ਪਰਮਗਤਿ ਹੋਇ॥੪॥੩੫॥੪੬॥
ਰਾਮਕਲੀ ਮਹਲਾ ੫, ਪੰਨਾ ੮੯੭
ਇਸ ਗੁਰਵਾਕ ਦੀ ਰਹਾਉ ਦੀ ਅਸਥਾਈ ਵਿਚਿ ਜੋ ਅਕੱਥ ਕਥਾ ਆਈ ਹੈ, ਉਹੀ ਹਰੇਕ ਪੰਗਤੀ ਵਿਚ ਤਤ ਭਾਵ ਕਰਕੇ ਸਮਾਈ ਹੋਈ ਹੈ । ਹਰਿ ਹਰਿ ਨਾਮ ਜਪਣਾ, ਗੁਰ ਕੇ ਚਰਨ ਕਮਲ ਦਾ ਮਨ ਵਿਚਿ ਵਸਣਾ ਵਸਾਉਣਾ, ਗੋਪਾਲ ਦਾ ਜਸ ਗਾਵਣਾ, ਇਹ ਸਭ ਵਾਹਿਗੁਰੂ ਦੀ ਸਾਚੀ ਅਕੱਥ ਕਥਾ ਹੀ ਹੈ । ਇਸ ਹਰਿ ਜਾਪ ਰੂਪੀ ਅਕੱਥ ਕਥਾ ਨੂੰ ਜਪਦਿਆਂ ਕੋਈ ਅੰਦਰਲਾ ਦੁਖ ਨਹੀਂ ਲਗਦਾ । ਇਸ ਹਰਿ ਜਾਪ ਰੂਪੀ ਕਥ: ਦੇ ਕਰਦਿਆਂ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ । ਇਸ ਹਰਿ ਜਪ ਜਾਪ ਦੀ ਅਕੱਥ ਕਥਾ ਰੂਪ ਅਭਿਆਸ ਕਮਾਈ ਕਰਦਿਆਂ ਗੁਰੂ ਕਰਤਾਰ ਦੇ ਜੋਤੀ ਸਪੰਨ ਚਰਨ ਕੰਵਲ ਹਿਰਦੇ ਵਿਖੇ ਨਿਰਣੱਤ ਹੋ ਜਾਂਦੇ ਹਨ ਅਤੇ ਮਹਾਂ ਬਿਕਾਰ ਤਨ ਤੇ ਸਭ ਨਸ ਜਾਂਦੇ ਹਨ । ਜਿਨ੍ਹਾਂ ਨੇ ਹਰਿ ਜਪ ਜਾਪ ਰੂਪੀ ਕਥਾ ਨੂੰ ਕੀਤਾ ਹੈ, ਅਰਥਾਤ, ਨਾਮ ਅਭਿਆਸ ਨੂੰ ਕਮਾਇਆ ਹੈ, ਓਹਨਾਂ ਦੇ ਸਭ ਦੁਖ ਨੱਸ ਜਾਂਦੇ ਹਨ । ਕਿਰਪਾਲੂ ਵਾਹਿਗੁਰੂ ਦਾ ਜਸ ਹਰ ਗੁਰਸਿੱਖ ਪ੍ਰਾਣੀ ਨੂੰ ਗਾਉਂਦੇ ਰਹਿਣਾ ਚਾਹੀਦਾ ਹੈ । ਇਹ ਹਰਿ-ਜਸ ਹਰ ਦਮ ਗਾਉਣਾ ਹੀ ਸੱਚੀ ਅਕੱਥ ਕਥਾ ਦਾ ਕਰਨਾ ਹੈ ਤੇ ਵਾਹਿਗੁਰੂ ਦੀ ਪੂਰਨ ਅਕੱਥ ਕਥਾ ਹੈ। ਯਾਨੀ ਵਾਹਿਗੁਰੂ ਦਾ ਹਰਿ-ਜਸ ਗਾਉਣਾ ਹੀ ਪੂਰਨ ਅਕੱਥ ਕਥਾ ਹੈ । ਇਹੀ ਹਰਿ ਜਸ ਕਥਾ ਕਰਨਹਾਰੇ ਨੂੰ, ਅਰਥਾਤ, ਹਰਿ ਜਸ ਕਰਨਹਾਰੇ ਅਭਿਆਸੀ ਜਨ ਨੂੰ ਜੋਤੀ ਜੋਤਿ ਸਮਾਉਣ ਨੂੰ ਸਮਰੱਥ ਹੈ। ਜਿਸ ਕਿਸੀ ਗੁਰਮੁਖਿ ਜਨ ਨੇ ਗੁਰੂ ਰੂਪੀ ਸੰਤ ਦੀ ਕਿਰਪਾ ਨਾਲ ਵਾਹਿਗੁਰੂ ਅਬਿਨਾਸ਼ੀ ਪੁਰਖ ਨੂੰ ਜਪਿਆ ਹੈ, ਅਰਥਾਤ, ਅਬਿਨਾਸ਼ੀ ਵਾਹਿਗੁਰੂ ਦੇ ਅਬਿਨਾਸ਼ੀ ਨਾਮ ਦੀ ਅਭਿਆਸ ਰੂਪੀ ਅਬਿਨਾਸ਼ੀ ਕਥਾ ਕੀਤੀ ਹੈ, ਉਸ ਦੀ ਹੋਰ ਤ੍ਰਿਸ਼ਨਾ ਭੁਖ ਸਭ ਨੱਸ ਗਈ ਹੈ । ਸਿਵਾਏ ਗੁਰਮਤਿ ਨਾਮ ਦੇ ਓਹਨਾਂ ਦੀ ਹੋਰ ਅਕਾਂਖਿਆ ਹੀ ਕੋਈ ਨਹੀਂ ਰਹੀ । ਖਿਨ ਖਿਨ ਨਾਮ ਅਭਿਆਸ ਕਮਾਈ ਰੂਪੀ ਕਥਾ ਉਪਰ ਹੀ ਤੁਲੇ ਰਹਿੰਦੇ ਹਨ। ਫੋਕੀ ਗੱਲ ਗਲੋਚਰੀ ਕਥਾ ਨੂੰ ਉਹ ਮਹਾਂ ਮਨਮਤਿ ਸਮਝਦੇ ਹਨ। ਦਿਨੇ ਰਾਤ ਵਾਹਿਗੁਰੂ ਭਗਤੀ ਰੂਪੀ ਸੇਵਾ ਸਿਮਰਨ ਦੀ ਜਿਸ ਨੇ ਕਮਾਈ ਕੀਤੀ ਹੈ, ਉਸ ਨੇ ਸਮਝੋ ਕਿ ਤੱਤ ਭਾਵ ਵਿਚਿ ਗੁਰਮਤਿ ਕਥਾ ਕਰ ਲੀਤੀ ਹੈ। ਇਸ ਸਾਸ ਅਭਿਆਸੀ ਅਬਿਨਾਸ਼ੀ ਕਥਾ ਦੇ ਅਭਿਆਸ ਵਿਚਿ ਲੀਣ ਹੋਣਾ ਵਾਹਿਗੁਰੂ ਦੇ ਮਿਲਣ ਦੀ ਪੱਕੀ ਨਿਸ਼ਾਨੀ ਹੈ । ਵਾਹਿਗੁਰੂ ਉਸ ਪਰ ਦਇਆਲ ਹੋਇਆ ਹੈ, ਉਸ ਦੇ ਸਾਰੇ ਜੰਜਾਲ ਮਿਟ ਗਏ ਹਨ, ਜਿਸ ਕਾਰਨ ਉਸ ਨੂੰ ਵਾਹਿਗੁਰੂ ਦੇ ਨਿਕਟੀ ਦਰਸ਼ਨਾਂ ਦੇ ਹੋਣ ਅਤੇ ਹੋਏ ਰਹਿਣ ਦਾ ਅਮਰ ਪਦਾਰਥ ਪ੍ਰਾਪਤ ਹੋ ਗਿਆ ਹੈ । ਇਸ ਜੋਤਿ ਚੁੰਭਕੀ ਦਰਸ਼ਨਾਂ ਦੇ ਦੇਖਦਿਆਂ