

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉਨ ਸਗਲੀ ਛਾਰੁ॥੨॥੪॥
ਰਾਮਕਲੀ ਮ: ੧, ਪੰਨਾ ੯੦੪
ਸ਼ਬਦ ਰੂਪੀ ਵੀਚਾਰ ਤੋਂ ਭਾਵ ਗੁਰਮਤਿ ਨਾਮ ਅਭਿਆਸ ਕਮਾਈ ਹੈ, (ਦੇਖੋ ‘ਗੁਰਮਤਿ ਬਿਬੇਕ ਨਾਮੇ ਪੁਸਤਕ) । ਗੁਰਮਤਿ ਅਨੁਸਾਰ ਗੁਰ ਸ਼ਬਦ, ਗੁਰ ਮੰਤ੍ਰ ਨਾਮ ਦੀ ਅਭਿਆਸ ਕਮਾਈ ਕਰਨਾ ਹੀ ਸੱਚਾ ਵੀਚਾਰ ਹੈ। ਜਿਥੇ ਕਿਥੇ ਭੀ 'ਵੀਚਾਰ' ਪਦ ਗੁਰਬਾਣੀ ਅੰਦਰਿ ਆਉਂਦਾ ਹੈ ਉਥੇ ਉਥੇ ਵੀਚਾਰ ਦਾ ਭਾਵ ਗੁਰ ਸ਼ਬਦ ਨੂੰ ਅਲਪੱਗ ਅਕਲਾਂ ਦੁਆਰਾ ਸੋਚਣਾ ਵੀਚਾਰਨਾ ਨਹੀਂ, ਬਲਕਿ ਗੁਰੂ ਦ੍ਰਿੜਾਈ ਗੁਰ ਸ਼ਬਦ ਦੀ ਅਭਿਆਸ ਕਮਾਈ ਕਰਨਾ ਹੀ ਹੈ। ਇਹ ਗੁਰ-ਸ਼ਬਦ ਵੀਚਾਰ ਹੋਰ ਸਭ ਕਿਸਮ ਦੇ ਅਕਲ ਮੁੱਲੀ ਵਿਚਾਰਾਂ ਦੇ ਉਪਰ ਸੱਚਾ ਵਿਚਾਰ ਹੈ। ਸਰਬੱਗ ਗੁਰੂ ਦੇ ਸਰਬੱਗ ਸ਼ਬਦ ਨੂੰ ਅਲਪੱਗ ਅਕਲ ਕੀ ਵੀਚਾਰ ਸਕਦੀ ਹੈ ? ਵਾਹਿਗੁਰੂ ਸ਼ਬਦ ਦਾ ਪਾਰਸ-ਮਈ-ਉਚਾਰਨ ਹੀ ਸੱਚਾ ਵੀਚਾਰ ਹੈ । ਅਲਪੱਗ ਅਕਲੱਈਏ ਇਸ ਸੱਚੇ ਵੀਚਾਰ ਤੋਂ ਘੁੱਥ ਕੇ ਜੋ ਕਥਨੀ ਬਦਨੀ ਕਰਦੇ ਫਿਰਦੇ ਹਨ, ਉਹ ਸਾਰੀ ਹੀ ਚੁੰਚ ਕਥਾ ਐਵੇਂ ਫ਼ਜ਼ੂਲ ਹੀ ਹੈ । ਬਦਉਨ ਪਦ ਬਦਨੀ ਦੇ ਥਾਉਂ ਆਇਆ ਹੈ। ਸੋ ਕਥਨੀ ਬਦਉਨ ਤੋਂ ਮਤਲਬ ਕਥਨੀ ਬਦਨੀ ਹੀ ਹੈ । ਤੱਤ ਸਾਰ ਸਿੱਟਾ ਇਸ ਦੁਤੁਕੀ ਦਾ ਇਹੀ ਹੈ ਕਿ ਸੱਚੀ ਸਾਰ-ਕਥਾ ਗੁਰ-ਸ਼ਬਦ ਦੀ ਅਭਿਆਸ ਕਮਾਈ ਹੀ ਹੈ । ਗੁਰ-ਸ਼ਬਦ ਦਾ ਉਚਾਰੀ ਜਾਣਾ ਹੀ ਸੱਚੀ ਸਿਫਤਿ ਸਲਾਹ ਹੈ। ਸਚੀ ਸਿਫਤਿ ਸਲਾਹ ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਹੀ ਹੈ। ਹੋਰ ਫੋਕੀਆਂ ਗੱਲਾ ਕਰਨ ਨਾਲ ਤੇ ਅਕਲ ਦੀ ਚਤੁਰਾਈ ਨਾਲ ਗੁਰ-ਸ਼ਬਦ ਦੀ ਵੀਚਾਰ ਨਹੀਂ ਹੋ ਸਕਦੀ। ਯਥਾ ਗੁਰ-ਪ੍ਰਮਾਣ:-
ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥
ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥