ਸਾਹਿਬ ਜੀ ਨੇ ਇਹ ਫੁਰਮਾਨ ਗੁਰਸਿੱਖਾਂ ਪ੍ਰਤੀ ਬੋਲਿਆ ਕਿ ਮੇਰੇ ਚਲਾਣੇ ਪਿਛੋਂ ਕੇਵਲ ਨਿਰਬਾਣ ਕੀਰਤਨ ਹੀ ਕਰਿਅਹੁ ਅਤੇ ਵਾਹਿਗੁਰੂ ਨਾਮ, ਵਾਹਿਗੁਰੂ ਜਸੁ ਰੂਪੀ ਕਥਾ ਅਖੰਡ ਪਾਠ ਗੁਰਬਾਣੀ ਦਾ ਕਰਿਅਹੁ । ਇਹ ਹਰਿ ਹਰਿ ਕਥਾ ਰੂਪੀ ਪੁਰਾਣ ਪੜ੍ਹਨ ਦਾ ਹੁਕਮੁ ਦਿਤਾ ਹੈ । ਹਰਿ ਹਰਿ ਕਥਾ ਅਤੇ ਨਿਰਬਾਣ ਕੀਰਤਨ ਦੇ ਕੀਤਿਆਂ ਅਕਾਲ ਪੁਰਖੁ ਵਾਹਿਗੁਰੂ ਹਾਜ਼ਰ ਨਾਜ਼ਰ ਅਤੇ ਮੌਜੂਦ ਹੁੰਦਾ ਹੈ । ਵਾਹਿਗੁਰੂ ਨਾਮ ਦਾ ਸਦੜਾ ਐਸਾ ਪਾਰਸ-ਕਲਾ ਵਾਲਾ ਹੈ ਕਿ ਜਿਸ ਦੀ ਨਿਰਬਾਣਤਾ ਅਖੰਡ ਅਭਿਆਸ ਦੁਆਰਾ ਅਦ੍ਰਿਸ਼ਟ ਵਾਹਿਗੁਰੂ ਦੀ ਜੋਤਿ ਘਟ ਅੰਦਰਿ ਹੀ ਆਇ ਪ੍ਰਵੇਸ਼ ਹੁੰਦੀ ਹੈ ਅਤੇ ਅਥਾਹ ਕਮਾਈਆਂ ਦੁਆਰਾ ਵਾਹਿਗੁਰੂ ਅਕਾਲ ਪੁਰਖੁ ਰੂਪੀ ਕੇਸੋ ਗੁਪਾਲ ਸੰਗਤਾਂ ਵਿਚਿ ਆਇ ਪ੍ਰਵੇਸ਼ ਹੁੰਦਾ ਹੈ । ਅਗਲੀ ਤੁਕ ਅੰਦਰਿ ਸਤਿਗੁਰ ਨੇ ਫੁਰਮਾਇਆ ਹੈ ਕਿ ਹਰਿ ਕਥਾ ਰੂਪੀ ਵਾਹਿਗੁਰੂ ਦਾ ਪੜ੍ਹਨਾ, ਵਾਹਿਗੁਰੂ ਦਾ ਨਾਮ ਸੁਣਨਾ ਹੀ ਸ੍ਰੇਸ਼ਟ ਹੈ । ਸਤਿਗੁਰੂ, ਵਾਹਿਗੁਰੂ ਨੂੰ ਇਨ੍ਹਾਂ ਰੰਗਾਂ ਵਾਲਾ ਹੀ ਬਿਬਾਣ ਭਾਉਂਦਾ ਹੈ। ਵਾਹਿਗੁਰੂ ਨਾਮ ਰੂਪੀ ਅਭਿਆਸ ਕਮਾਈਆਂ ਕਰਿ ਕਰਿ ਅੰਮ੍ਰਿਤ ਦਾ ਸੋਮਾ ਸਰਸ਼ਾਰ ਹੋ ਜਾਂਦਾ ਹੈ । ਇਹੋ ਅੰਮ੍ਰਿਤ ਸਰਸਾਰੀ ਵਾਹਿਗੁਰੂ ਨਾਮ ਪਿੰਡ ਪੱਤਲ ਕਿਰਿਆ ਆਦਿਕ ਗੁਰਸਿੱਖਾਂ ਨੂੰ ਕਰਾਉਣ ਦੀ ਹਿਦਾਇਤ ਗੁਰੂ ਵਲੋਂ ਹੈ । ਹਰਿ ਨਾਮ ਕਥਾ ਕੀਰਤਨ ਦੇ ਫੁਹਾਰੇ ਚਲਾਉਣੇ ਹੀ ਗੁਰਮਤਿ ਅੰਦਰੇ ਪਰਵਾਣ ਹਨ। ਜਿਨ੍ਹਾਂ ਅੰਮ੍ਰਿਤ-ਫੁਹਾਰਿਆਂ ਦੇ ਚਲਣ ਚਲਾਣ ਕਰਿ ਅੰਮ੍ਰਿਤ-ਨਾਮ-ਰੂਪੀ-ਜੋਤਿ ਅੰਤਰਿ- ਆਤਮੇ ਜਗਿ ਆਉਂਦੀ ਹੈ ਅਤੇ ਘਟ ਅੰਦਰਿ ਜੋਤਿਮਗੀ ਫੁਲਵਾੜੀ ਦੇ ਫੁਲ ਖਿੜ ਆਉਂਦੇ ਹਨ ।
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
ਸਲੋਕ, ਰਾਮਕਲੀ ਮ: ੫, ਪੰਨਾ ੯੨੭
ਦੂਸਰੀ ਪੰਗਤੀ ਸਾਫ਼ ਦ੍ਰਿੜਾਉਂਦੀ ਹੈ ਕਿ ਗੁਰਮਤਿ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਨਾਮ ਅਧਾਰ ਰੂਪ ਕਥਨੀ ਹੀ ਭਾਉਂਦੀ ਹੈ । ਅਗਮ ਅਗੋਚਰ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਨਮਸਕਾਰ, ਪਰਤੱਖ ਜੋਹਾਰ, ਏਸੇ ਵਾਹਿਗੁਰੂ ਨਾਮ ਦੀ ਕਥਾ ਰੂਪ ਕਮਾਈ ਹੀ ਕਰਾਉਂਦਾ ਹੈ । ਉਦਮ ਕਰ ਕੇ, ਸਾਵਧਾਨ ਹੋ ਕੇ ਅੰਮ੍ਰਿਤ ਵੇਲੇ ਨਾਮ ਅਭਿਆਸ ਦੀ ਕਥਾ ਕਮਾਈ ਕੀਤਿਆਂ ਹੀ ਜੋਤੀਸ਼ ਵਾਹਿਗੁਰੂ ਗੁਰੂ ਹਿਰਦੇ ਅੰਦਰ ਹੀ ਆਇ ਵੁਠਦਾ ਹੈ । ਆਪ ਹੀ ਆਇ ਵੁਠਣ ਤੋਂ ਪਹਿਲਾਂ ਉਸ ਦੀ ਜੋਤਿ-ਕਿਰਨੀ-ਆਭਾ ਹਿਰਦੇ ਅੰਦਰਿ ਆਇ ਜ਼ਹੂਰ ਪਜ਼ੀਰ ਹੁੰਦੀ ਹੈ । ਇਹ ਜੋਤਿ ਕਿਰਨੀ ਆਭਾ ਹੀ ਵਾਹਿਗੁਰੂ ਦੇ ਚਰਨਾਂ ਕੰਵਲਾਂ ਦਾ ਜ਼ਹੂਰ ਹੈ।