੬. ਜਾਂਗਲੀ ਛੋਹਰ
ਜਾਂਗਲੀਆਂ ਦੀ ਛੋਹਰ ਜਾਂਦੀ,
ਅੰਞਾਣੀ ਤੱਕਦੀ ਮੈਨੂੰ ਹੱਸਦੀ ਪਿੱਛੇ ਤੱਕ- ਤੱਕ ਕੇ,
ਹਵਾ ਵਗਦੀ ਵਾਂਗ ਆਜ਼ਾਦ ਜਾਂਦੀ ਉਹ
ਪੈਲੀਆਂ ਦੀ ਘਾਹ ਉਪਰ ਕਦਮ ਧਰਦੀ,
ਤੇ ਆਪਣੇ ਕਾਲੇ ਨੈਣਾਂ ਦੇ ਜਾਦੂ ਨਾਲ ਰੂਹ ਜਾਂਦੀ
ਹਿਲਾਂਦੀ ਸਾਰੇ ਇਕ ਜਗਤ ਦਾ
ਮੋਈ ਮਿੱਟੀ ਕੂਕਦੀ ਉਹਦੇ ਸੁਬਕ ਮਲੂਕ ਕਦਮਾਂ ਨੂੰ ਚੁੰਮ ਕੇ,
ਬਾਰ ਦੇ ਫੁੱਲਾਂ ਨੂੰ ਖ਼ਬਰ ਉਹਦੇ ਕਾਲੇ ਕੇਸਾਂ ਦੀ ਖ਼ੁਸ਼ਬੂ ਦੀ,
ਨੀਲੇ ਤੇ ਲਾਲ ਰੰਗੇ ਬਸਤਰ ਵਾਕਫ਼
ਦਿੱਸਦੇ ਉਹਦੀ ਰੂਹ ਦੇ ਸਹਜ ਸੁਹਣੱਪ-ਅਹੰਕਾਰ ਦੇ,
ਕਿੰਜ ਦੁਪਹਿਰ ਦੀਆਂ ਵਗਦੀਆਂ ਹਵਾਵਾਂ ਨਾਲ
ਆਲਮ-ਖ਼ੁਸ਼ੀ-ਰੰਗ ਵਿੱਚ ਜਾਂਦੇ,
ਉੱਡਦੇ ਉਹਦੇ ਕੱਪੜੇ, ਮਜਾਖ਼ਾਂ ਕਰਦੇ
ਟੱਪਦੇ, ਹੱਸਦੇ-ਹੰਕਾਰ ਭਰੇ ਕੱਪੜੇ ;
ਇਸ ਮਿੱਟੀ, ਰੇਤ, ਖਾਦ ਵਿੱਚ ਕਿਹਾ ਕਮਾਲ
ਹੈ ਇਸ ਕਾਫ਼ਰ ਇਕ ਬੁੱਤ ਦੀ
ਸੁਹੱਪਣ ਦੀ ਸ਼ਾਨ ਦਾ
ਜਿਵੇਂ ਸੁਫ਼ਨੇ ਵਿੱਚ ਖਿੜਿਆ ਦਿੱਸੇ
ਅਸੱਚ ਜਿਹਾ ਸੱਚ ਕੰਵਲ ਦਾ
ਫੁੱਲ-ਮੁੱਖੜਾ !