ਓ ਡੂੰਘਾਈਆਂ ਨੂੰ ਹਲਾਣ ਵਾਲੀ
ਅਣਡਿੱਠੇ ਵਿੱਚ ਵਗਦੀਏ ਪਿਆਰ ਦੀ ਹਵਾਏ
ਪੈਲੀਆਂ ਕੂਕਦੀਆਂ ਤੈਨੂੰ ਕਦ ਆਵਸੇਂ……
ਮੁੜ-ਮੁੜ ਪਹੁ ਫੁਟਦੀ,
ਲੱਖ ਫੁੱਲ-ਪਿਆਲੇ ਹੱਥ ਲੈ ਮੰਗਦੀ,
ਵਾਂਗ ਫ਼ਕੀਰ ਹੋਈ ਇਕ ਰਾਣੀ ਦੇ,
ਖ਼ੈਰ ਮਿਹਰ ਦਾ ਕਦ ਪਾਵਸੇਂ ?
ਸਭ ਕੋਈ ਲੋਚਦਾ
ਤੇਰੇ ਓਸ ਉੱਡਦੇ ਜਾਂਦੇ ਸਦਾ ਲੁਕਦੇ ਜਾਂਦੇ
ਅਡੋਲ ਦਿਵਯ ਕਮਾਲ ਨੂੰ,
ਤੇ ਸਭ ਨੂੰ ਮਿਲਦਾ
ਬਸੰਤ ਵਿੱਚ, ਫੁੱਲ ਵਿੱਚ, ਫਲ ਵਿੱਚ ਤੂੰ ਕਦੀ-ਕਦੀ ਆਣ ਕੇ
ਕੰਡੇ ਵੀ ਖਿੜ ਪੈਂਦੇ,
……ਕੇਸਰ ਨਿਕਲਦਾ,
ਪਰ ਅੰਮ੍ਰਿਤ ਦੀ ਤਿਹਾਈ ਲੋਕਾਈ ਪੁੱਛਦੀ
ਤੇ ਉਡੀਕਦੀ ਨਿੱਤ ਨਵੀਆਂ ਉਡੀਕਾਂ
ਕਦ ਤੂੰ ਆਵਸੇਂ ਓ ਸੋਹਣਿਆ
ਤੈਨੂੰ ਵੇਖਣ ਅੰਦਰ ਸਭ ਬਾਹਰ ਹੋ ਗਿਆ ਹੈ
ਹੱਥ-ਹੱਥ ਵਿੱਚ ਪਾ ਕੇ ਕਦ ਅੰਦਰ ਖੜਸੇਂ !