ਕਿਉਂ ਸੂਰਬੀਰਤਾ ਕਰੇਗਾ, ਵੈਰਾਗ ਧਾਰ ਕੇ ਪਹਾੜਾਂ ਵਿਚ ਨਾ ਜਾਂ ਸਮਾਧੀ ਲਾਏਗਾ ? ਉਸ ਨੂੰ ਫ਼ਤਹਿ ਕਰਨ ਦਾ ਉਤਸ਼ਾਹ ਕਿ ਪਿਆਰ ਕਰਨ ਦਾ ਉਮਾਹ ਕਿ ਕੰਮ ਕਰਨ ਦਾ ਚਾਉ, ਕਿਸ ਆਸਰੇ ਰਹੇਗਾ ? ਮਨ 'ਤੇ ਪੜਦਾ ਪਿਆ ਰਹੇ, ਜ਼ਿੰਦਗੀ ਅੰਦਰੋਂ ਲੈਣ ਨੂੰ, ਪਿਆਰ ਕਰਨ ਨੂੰ, ਹੱਸਣ ਖੇਡਣ ਨੂੰ ਉੱਮਲ ਰਹੇ ਤਾਂ ਹੀ ਸਾਰੇ ਕੰਮ ਹੋ ਸਕਦੇ ਹਨ, ਲੈਣ ਲੈਣਾ ਦਾ ਚਾਉ ਹੀ ਤਾਂ ਕੰਮਾਂ ਵਿਚ ਲਈ ਫ਼ਿਰਦਾ ਹੈ । ਨਹੀਂ ਤਾਂ ਫੇਰ ਦਿਲਗੀਰ ਹੋ ਕੇ ਨਿੰਮੋਝੂਣ ਪਿਆ ਰਹੂ । ਜੀਣ ਦਾ ਕੀ ਸਵਾਦ ਤੇ ਕੰਮ ਕਰਨ ਦਾ ਕੀ ਲਾਭ ? ਖਿਮਾ ਕਰਨੀ, ਮੈਂ ਜਾਂਗਲੀ ਆਦਮੀ ਹਾਂ ।
ਗੁਰੂ ਜੀ--ਡੱਲਿਆ ! ਡਿੱਠਾ ਨਹੀਓ' ਨਾ, ਤਾਹੀਓਂ ਪਿਆ ਆਖਦਾ ਹੈ ਨਾ । ਜਦ ਅੰਦਰ ਜੋਤ ਜਗੀ ਤਾਂ ਉਹ ਕੋਈ ਭਾਂਬੜ ਤਾਂ ਨਹੀਂ ਬਲ ਪੈਣਾ, ਉਹ ਸਾਡਾ ਅੰਦਰਲਾ ਜਗਤ ਦੇ ਆਧਾਰ ਅਨੰਤ ਸੱਤਾ ਦੇ ਨਾਲ ਲੱਗ ਕੇ ਉਸ ਦੇ ਅਸਰ ਨਾਲ ਇਕ ਉੱਚੇ ਉਤਸਾਹ, ਉੱਚੇ ਪ੍ਰਭਾਉ, ਇਕ ਉਚਿਆਣ ਦੇ ਰੰਗ ਵਿਚ ਰਹੇਗਾ । ਉਹੋ ਅਸਲੀ ਸੱਤਿਆ, ਉਹ ਅਸਲੀ ਤਾਕਤ ਇਸ ਵਿਚ ਇਹ ਸੁਆਦ ਦਾ ਰੰਗ ਭਰੇਗੀ । ਇਹ ਉਸ ਵਿਚ ਜੀਏਗਾ, ਬਿਗਸੇਗਾ। ਸਾਈਂ ਅਨੰਦ ਰੂਪ ਹੈ, ਇਹ ਅਨੰਦ ਰਹੇਗਾ । ਸੋ ਅਨੰਦ ਤਾਂ ਆ ਗਿਆ । ਹੁਣ ਰਿਹਾ ਕੰਮ ਕਰਨ ਵਿਚ ਉਤਸਾਹ, ਸਾਈਂ ਸਰਬ ਸਮਰਥ ਹੈ, ਉਸ ਦੀ ਸਮਰੱਥਾ ਇਸ ਵਿਚ ਆਵੇਗੀ । ਸਾਈਂ ਨੇ ਜਗਤ ਰਚਿਆ ਹੈ, ਇਹ ਉਸ ਰਚਨਾ ਵਿਚ ਉਸ ਸਾਈਂ ਦੇ ਕੰਮ ਦਾ ਸਾਂਝੀਵਾਲ ਕਾਮਾ ਬਣੇਗਾ । ਸੋ ਇਹ ਗੱਲ ਅਸਾਂ ਖ਼ਾਲਸਾ ਆਦਰਸ਼ ਵਿਚ ਰੱਖੀ ਹੈ ਕਿ ਅੰਦਰਲਾ ਪਿਆ ਜਾਗ, ਮੌਤ ਤੇ ਪੀੜ ਗਈ ਜਿੱਤੀ, ਹੁਣ ਸਰੀਰ ਜੋ ਸਾਈਂ ਨੇ ਦਿਤਾ, ਉਸ ਨੂੰ ਸਫਲਾ ਕਰੋ । ਸਰੀਰ ਉਸ ਨੇ ਐਵੇਂ ਨਹੀਂ ਦਿਤਾ, ਇਹ ਕਿਸੇ ਕੰਮ ਵਾਸਤੇ ਹੈ । ਇਸ ਦਾ ਕੰਮ ਹੈ, 'ਆਤਮ ਉੱਧਾਰ' ਤੁਸੀਂ ਉਧਰੇ ਹੋ, ਹੋਰਨਾਂ ਨੂੰ ਉਧਾਰੋ ! ਜਦ ਉਧਰੇ ਹੋਏ ਲੋਕ ਦੂਸਰਿਆਂ ਨੂੰ ਉਧਾਰਦੇ ਹਨ, ਤਦ ਲੋਕੀਂ ਈਰਖਾ ਕਰਦੇ ਹਨ । ਉਹ ਬੇਪ੍ਰਵਾਹ ਆਪਣੇ ਰੰਗ ਟੁਰਦੇ ਹਨ, ਨਿਰਵੈਰ ਹੁੰਦੇ ਹਨ, ਪਰ ਲੋਕੀਂ ਉਨ੍ਹਾਂ ਨੂੰ ਤੰਗ ਕਰਦੇ ਹਨ, ਉਹ ਸਹਾਰਦੇ ਹਨ ! ਇਹਨਾਂ ਲੋਕਾਂ ਦੇ ਸੱਚੇ
I Assertion,