ਨਹੀਂ ਹੁੰਦੇ, ਲਿਵ, ਲਗਨ, ਲਗਾਉ ਵਿਚ ਰਹਿ ਕੇ ਕਰਦੇ ਹਨ । ਤੇਰੇ ਭਰਾ ਬੜੇ ਸੂਰਮੇਂ ਹਨ, ਪਰ ਖ਼ਾਲਸੇ ਵਰਗੇ ਨਹੀਂ । ਉਹ ਕਿਸੇ ਲੋਭ ਲਈ ਲੜਨਗੇ, ਕਿਸੇ ਭੈ ਪਿਆਂ ਲੜਨਗੇ, ਕਿਸੇ ਰਾਖੀ ਲਈ ਜੂਝਣਗੇ । ਜਦੋਂ ਆਪਣੇ ਤੋਂ ਬਲ ਵਧੇਰਾ ਪੈ ਜਾਏਗਾ, ਹਾਰ ਮੰਨ ਜਾਣਗੇ । ਜਦੋਂ ਜਿੱਤ ਜਾਣਗੇ, ਹੰਕਾਰ ਦੇ ਗੱਡੇ ਚੜ੍ਹ ਜਾਣਗੇ, ਫਿਚ ਉਹੋ ਜ਼ੁਲਮ, ਧੱਕੇ, ਵਧੀਕੀਆਂ ਆਪ ਕਰਣਗੇ ਜਿਨ੍ਹਾਂ ਲਈ ਉਨ੍ਹਾਂ ਨੇ ਵੈਰੀ ਨੂੰ ਮਾਰਿਆ ਸੀ । ਫੇਰ ਉਹ ਜਗਤ-ਨਿਆਉਂ ਵਿਚ ਆਪ ਮਾਰੇ ਜਾਣ ਦੇ ਜੋਗ ਬਣ ਜਾਣਗੇ । ਜੇ ਡੱਲਿਆ ! ਉਹ ਹਾਰ ਜਾਣਗੇ ਤਾਂ ਜਿੱਤੇ ਹੋਏ ਵੈਰੀ ਦੇ ਅੱਗੇ ਆਪਣਾ ਮਨ ਵੀ ਹਾਰ ਦੇਣਗੇ, ਸੁਰਤਿ ਤੇ ਰੂਹ ਵੀ ਤਬਾਹ ਕਰ ਬੈਠਣਗੇ । ਮਨ ਗੁਲਾਮੀ ਵਿਚ, ਸਰੀਰ ਗੁਲਾਮੀ ਵਿਚ ਟੁਰ ਜਾਏਗਾ, ਐਉਂ ਉਹ ਆਪ ਤੇ ਉਨ੍ਹਾਂ ਤੋਂ ਬਣੀ ਕੌਮ ਮੁਰਦਾਰ ਹੋ ਜਾਏਗੀ ।
ਹਾਂ, ਡੱਲਿਆ ! ਹੰਕਾਰ ਦੇ ਆਸਰੇ ਆਦਮੀ ਸੂਰਮਗਤੀ ਕਰ ਗੁਜ਼ਰਦਾ ਹੈ, ਕੁਰਬਾਨ ਵੀ ਹੋ ਜਾਂਦਾ ਹੈ, ਪਰ ਨਿਰੇ ਹੰਕਾਰ ਦੇ ਆਸਰੇ ਵਾਲੇ ਨੂੰ ਤ੍ਰੈ ਡਰ ਹਨ (੧) ਜਦੋਂ ਆਪਣੇ ਤੋਂ ਵੱਡੇ ਹੰਕਾਰੀ, ਵੱਡੇ ਬਲ ਵਾਲੇ ਤੇ ਵੱਡੇ ਜੱਥੇਬੰਦ ਨਾਲ ਟੱਕਰਨਗੇ, ਤਦ ਹਾਰ ਜਾਣਗੇ ! (੨) ਹਾਰ ਕੇ, ਦੇਸ, ਧਨ, ਧਾਮ ਦੇਂਦੇ ਹੋਏ ਮਨਾਂ ਕਰਕੇ ਗ਼ੁਲਾਮ ਹੋ ਜਾਣਗੇ ਤੇ ਅੰਤ ਮੁਰਦਿਹਾਨ ਵਰਤੇਗੀ। (੩) ਜੇ ਜਿੱਤ ਗਏ ਤੇ ਆਪ ਜ਼ਾਲਮ ਧੱਕੇ-ਖ਼ੋਰ ਬਣਨਗੇ, ਧੱਕੇ ਨਾਲ ਧਨ 'ਕੱਠਾ ਕਰ ਕੇ ਧਨੀ ਬਣਨਗੇ ਧਨੀ ਹੋ ਕੇ ਐਸ਼ ਵਿਚ ਪੈਣਗੇ, ਐਸ਼ ਤੋਂ ਨਿਰਬਲ ਹੋ ਜਾਣਗੇ, ਨਿਰਬਲ ਹੋ ਕੇ ਫੇਰ ਮਨ ਆਸਤਕ ਤੇ ਮੁਰਦਾ ਹੋ ਕੇ ਸਰੀਰ, ਮਨ ਤੇ ਆਤਮਾ ਦਾ ਬਲ ਖੀਨ ਹੋ ਜਾਏਗਾ । ਚੌਥਾ ਉਨ੍ਹਾਂ ਦਾ ਇਕ ਨਿਸਚੇ ਨੁਕਸਾਨ ਹੋਵੇਗਾ ਕਿ ਉਹ ਪਰਲੋਕ ਗੁਆ ਲੈਣਗੇ ! ਗੁਰੂ ਬਾਬ ਨੇ ਦਸਿਆ ਹੈ :
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
ਅੰਧੇ ਆਪੁ ਨ ਪਛਾਣਨੀ ਦੂਜੇ ਪਚਿ ਜਾਵਹਿ ॥
ਅਤਿ ਕ੍ਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ਹਰਿ ਜੀਉ ਅਹੰਕਾਰੁ ਨਾ ਭਾਵਈ ਵੇਦ ਕੂਕਿ ਸੁਣਾਵਹਿ ॥
ਅਹੰਕਾਰ ਮੂਏ ਸੇ ਵਿਗਤੀ ਗਏ ਮਰ ਜਨਮਹਿ ਫਿਰਿ ਆਵਹਿ ॥੯॥
ਸੋ ਨਿਰਾ ਹੰਕਾਰੀ ਜਿੱਤੇ ਚਾਹੇ ਹਾਰੇ, ਮਰ ਕੇ ਸੁਖੀ ਨਹੀਂ ਹੋ ਸਕਦਾ । ਇਸ ਲਈ ਨਿਰਾ ਹੰਕਾਰੀ ਸੂਰਮਾ ਆਦਰਸ਼ਕ ਸੂਰਮਾ ਨਹੀਂ ਹੈ ।