ਭੂਮਿਕਾ
ਮੈਂ ਢਾਡੀ ਉੱਚੇ, ਆਲੀਸ਼ਾਨ ਗੁਰੂ ਨਾਨਕ ਕਰਤਾਰ ਦਾ,
ਅਜ ਮੇਰਾ ਗੀਤ ਸਿਖ 'ਅਮੈਂ' ਨੂੰ ਗਾਉਂਦਾ,
ਮੈਨੂੰ ਕੋਮਲ ਉਨਰੀ ਕਿਰਤ, ਧਿਆਨ ਦੋਵੇਂ ਅੰਮ੍ਰਿਤ-ਦਰਬਾਰ ਪੁਚਾਉਂਦੇ,
ਫ਼ਲਸਫ਼ੇ ਦੀਆ ਗੱਲਾਂ ਕਰ ਹਾਰੇ ਸਭ,
ਬਾਬਾ ਜੀ ਗੱਲਾਂ ਥੀਂ ਹੋੜਦੇ, 'ਥੀ', 'ਬੀ' ਅਸੀਸ ਇਹ,
ਕਰ ਕਿਰਤ ਉਨਰੀ, ਹੋ, ਹੋ ਜਪ, ਜਪ, ਸਿਮਰਨ ਸਿਖਾਉਂਦੇ,
ਕਿਰਤ ਲਗੀ ਸੁਰਤਿ ਧਿਆਨ ਬੱਝੀ ਸੁਰਤਿ ਉਨਰ ਕਰਤਾਰੀ,
ਇਹ ਸਿੱਖੀ ਦਾ ਉੱਚਾ ਕਮਾਲ ਮੈਂ ਅੱਜ ਗਾਉਂਦਾ,
ਇਹ ਮੈਂ ਨਹੀਂ ਮਾਇਆ ਦੀ, 'ਅਮੈ' ਹੈ ਪਿਆਰ ਦੀ, ਸੇਵਾ ਦੀ ਕਿਰਤ ਦੀ,
ਸੁਹਣੱਪ ਆਸ਼ਕੀ,
ਜੁਗੋ ਜੁਗ ਹੋਈ ਇਹ ਵਿਰਲੀ ਵਿਰਲੀ, ਪਰ ਰੂਹ ਕਦੀ ਕੋਈ,
ਬੁੱਧ ਦੇਵ ਜੀ ਦੇ ਭਿਖੂ ਸੁਹਣੇ, ਬੋਧੀ ਸਤ੍ਰ ਲੋਕੀ ਸੁਹਣੀ ਕਿਰਤ ਇਹ ਪਛਾਣਦੇ,
ਧਰੂ ਪ੍ਰਹਿਲਾਦ ਨੇ ਇਹੋ ਗੀਤ ਗਾਵਿਆਂ,
ਫਲਸਫੇ ਦੀ ਲੋੜ ਨਾਹੀਂ,
ਆਪ ਮੁਹਾਰੀ ਸਮਝ ਪੈਂਦੀ, ਕਿਰਤ-ਜੀਵਨ ਲੋੜ ਹੈ !
ਜੀਵਨ-ਉਨਰ ਦੀ ਸੋਝੀ ਕਦਮ ਕਦਮ ਸਿਖਦੀ, ਦਮ ਬਦਮ ਦਸਦੀ ਪੱਕਦੀ,
ਫਲਸਫਾ ਮਾਰੇ ਸੁਰਤਿ, ਨਿਰਾ ਬਾਹਰ ਦਾ ਉਨਰ ਵੀ ਮਾਰਦਾ,
ਸਿਮਰਨ ਦਾ ਦੀਵਾ ਘਟ ਬਲੇ ਜਦ,
ਤਦ (ਉਨਰ) ਆਰਟ ਸੁਰਤਿ ਨੂੰ ਸਵਾਰਦਾ,
ਬਿਖਰੀਆਂ ਜ਼ੁਲਫਾਂ ਨੂੰ ਮਟਕਾਂਦਾ, ਨਈ ਗੋਂਦਾਂ ਗੁੰਦਦਾ, ਮਹਿਕਾਂਦਾ, ਵਨ, ਵਨ
ਦੀਆਂ ਕਲੀਆਂ ਲਟਕਾਂਦਾ, ਤੇ ਵੇਖਦਾ ਉਹ ਸਭ ਲਟਕਦੀਆਂ
ਜ਼ੁਲਫਾਂ ਤੇ ਕਲੀਆਂ ਲਟਕਦੀਆਂ ਨਾਲ ਨਾਲ ।