ਇਉਂ ਤਾਂ ਨਾਰ ਦੀ ਨੁਹਾਰ ਹੋਰ,
ਮਰਦ ਹੋਰ, ਕੁੜੀ, ਮੁੰਡਾ ਵਖ ਹੈ,
ਚੋਲਾ ਵੱਖੋ ਵੱਖ ਹੈ,
ਪਰ ਜੀਣ ਮਰਨ ਮੇਰਾ ਸਾਂਝਾ ।
ਮੇਰਾ ਨਿੱਕਾ ਜਿਹਾ ਨਾਮ ਮੈਨੂੰ ਮਾਰਦਾ,
ਸੱਦ ਕੇ, ਮੈਨੂੰ ਮੇਰੇ ਨਾਂ ਥੀਂ ਛੁਡਾਉਣਾ !
ਇਹੋ ਬਸ ਪਾਪ ਮੇਰਾ,
ਇਹੋ ਕਰਮ, ਮੇਰੇ ਮਾਂ ਪਿਓ ਨੇ ਮੇਰੇ ਨਾਲ ਚਮੋੜਿਆ ।
ਇਹ ਵਹਿਮ ਜੇ ਦੀਨ ਵਾਲਿਓ ।
ਫਸੀ ਮੈਂ ਵਹਿਮ ਥੀਂ ਕੱਢੀਓ।
ਦੌੜੀਓ ! ਇਸ ਰੱਸੀ ਦੀ ਫਾਂਸੀ ਬਣ ਪਈ ਹੈ !
ਮੇਰਾ ਨਾਮ ਮੈਨੂੰ ਮਾਰਦਾ,
ਲੋਕੀਂ ਖਿੱਚਦੇ, ਟੋਰਦੇ, ਬੁਲਾਂਦੇ, ਹੱਕਦੇ,
ਲਿਜਾਂਦੇ ਅਗਾਂਹ ਨੂੰ, ਪਿਛਾਂਹ ਨੂੰ,
ਜਿਧਰ ਉਨ੍ਹਾ ਦੀ ਮਰਜੀ,
ਮੈਂ ਖਿਚੀ ਖਿਚੀ, ਹਫ ਹਫ, ਦੌੜ ਦੌੜ ਅੱਕਿਆ,
ਇਹ ਕੀ ਗੱਲ ਮੇਰੇ ਵਿਚ ਅਣਹੋਈ ਜਿਹੀ ਜਵੜੀ ?
ਮੈਂ ਮੁੜ ਮੁੜ ਪੁੱਛਦਾ,
ਨਾਮ ਕੀ ਚੀਜ਼ ਹੈ ?
ਕੂੜ ਮਾਂ ਪਿਓ ਲਾਈ ਲੀਕ ਮੈਨੂੰ,
ਉਨ੍ਹਾਂ ਦੀ ਖੇਡ ਹੋਈ; ਸਾਡੀ ਮੰਤ,
ਇਹ ਕੀ ਵੜਦੇ ਸਾਰ ਸਾਨੂੰ ਮਾਰਿਆ ?
ਜਿਹੜੀ ਚੀਜ਼—'ਹੈ ਨਾਂਹ' 'ਹੋਈ, ਨਾਂਹ' ਉਸ ਨਾਲ ਜਕੜਿਆ।
ਮੈਨੂੰ ਨਿੱਕਾ ਕਰ ਮਾਰਿਆ !