੭
ਕਰਮ ਮੈਨੂੰ ਫੜਨਗੇ,
ਫੜਨ !
ਹੱਥ ਮਾਰ ਕਰਮਾਂ ਦੇ ਹੱਥ 'ਤੇ,
ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ ਮੈਂ ਨੱਸਦੀ !
ਫੜੋ ! ਆਓ ਲਾਓ ਜ਼ੋਰ ਮੈਂ ਨੱਸਦੀ !
ਪਰ ਦੱਸੋ ਪਹਿਲਾਂ ਮੈਂ ਕਿਥੇ ? ਨਾਮ ਮੇਰਾ ਕੀ ਹੈ ?
ਉਹ ਨਾਮ ਲੋਕੀਂ ਜਿਹੜਾ ਲੈ'ਦੇ,
ਢੂੰਢ, ਢੂੰਢ ਥੱਕਿਆ,
ਜੀਵਨ-ਖੇਤਰ ਵਿਚ ਕਿਧਰੇ ਨਾਂਹ ਲੱਭਿਆ !
ਕਰਜ਼ ਦੇਣੇ ਜਿਨ੍ਹਾਂ ਦੇ,
ਫ਼ਰਜ਼ ਦੇਣੇ ਜਿਨ੍ਹਾਂ ਦੇ,
ਨੱਸੇ, ਦੌੜੇ ਸੁਣ ਮੈਂ ਆਖਿਆ,
ਫੜਿਆ ਮੈਨੂੰ, ਜ਼ੋਰ ਨਾਲ,
ਸਾਰੇ ਆਖਣ ਠੀਕ ਫੜਿਆ,
ਤੇ ਘੁਟ, ਘੁਟ, ਮੁੱਠਾਂ ਵਿਚ ਨੱਪਿਆ,
ਮੁੱਠ ਖੋਹਲੀ ਸਾਰੀ ਖ਼ਾਲੀ ਦੀ ਖ਼ਾਲੀ,
ਜੱਫੀਆਂ ਬਾਹਾਂ ਦੀਆਂ ਸਾਰਿਆਂ ਦੀਆਂ ਖ਼ਾਲੀ !
ਹਾਂ, ਆਖਣ ਉਹ ਗਿਆ ਕਿਥੇ ?
ਜਿਸ ਸਾਡੇ ਫ਼ਰਜ਼ ਦੇਣੇ ਇੰਨੇ ਢੇਰ ਸਾਰੇ,
ਜਿਸ ਸਾਡੇ ਕਰਜ਼ ਦੇਣੇ ਇੰਨੇ ਢੇਰ ਸਾਰੇ,
ਉਹ ਕੌਣ ਸੀ ?
ਚੰਗੀ ਤਰ੍ਹਾਂ ਨੀਝ ਲਾ ਨਾਂਹ ਤੱਕਿਆ,
ਸੀ ਵੀ ਕੁਝ ਕਿ ਨਹੀਂ ਸੀ ? ਠੀਕ ਸਿਞਾਣ ਨਾ ਸਕਿਆ ।