ਸਦਾ ਬਸੰਤ ਜਿਹੀ ਮੁੜ ਮੁੜ ਰੰਗਦੀ, ਰੰਗਾਂ ਦੀ ਖੇਡ ਮੈਂ, ਮੁੜ ਮੁੜ ਠੰਢਦੀ
ਮੁੜ, ਮੁੜ ਤਪਦੀ, ਅੱਕਦੀ ਨਾਂਹ, ਮੁੱਕਦੀ ਨਾਂਹ, ਥੱਕਦੀ ਨਾਂਹ ਮੈਂ
ਕਰਤਾਰ ਦੀ ਕਰਤਾਰਤਾ ।
ਮੈਂ ਜਿੰਦ ਹਾਂ, ਨਿਰਜਿੰਦ ਹਾਂ, ਮਿੱਟੀ ਹਾਂ, ਪੱਥਰ ਹਾਂ, ਦੁੱਧ ਵਰਗੀ ਚਾਨਣੀ,
ਸੁਫਨਾ ਹਾਂ, ਕੀ ਜਾਣਾਂ ? ਉਹਦੇ ਉਨਰ ਦੀ ਪੂਰਣਤਾ,
ਹੱਥ ਕਰਤਾਰ ਦੀ ਛੋਹ ਦੀ ਏਕਤਾ,
ਮੈਂ ਦੀ ਅਨੇਕਤਾ ਨਾਨਤਾ, ਸਬੂਤ ਮੇਰੀ ਮੈਂ ਹੈ ।
ਇਹ ਨਿੱਕਾ ਨਿੱਕਾ ਨੁਹਾਰਾਂ ਦਾ ਫਰਕ -
ਹੈਵਾਨਾਂ ਵਿਚ, ਇਨਸਾਨਾਂ ਵਿਚ, ਨਰਾਂ ਤੇ ਨਾਰੀਆਂ, ਜਲਾਂ ਵਿਚ,
ਥਲਾਂ ਵਿਚ, ਹਰਿਆਵਲਾਂ, ਸੋਕਿਆਂ, ਤਾਰਿਆਂ ਤੇ ਫੁੱਲਾਂ ਵਿਚ,
ਮਨੁੱਖਾਂ ਤੇ ਪੰਛੀਆਂ ਵਿਚ, ਜੜਾਂ ਤੇ ਤੱਨਾਂ ਵਿਚ, ਚਰਾਂ ਵਿਚ,
ਅਚਰਾਂ ਵਿਚ, ਪ੍ਰਕਾਸ਼ਾਂ ਹਨੇਰਿਆਂ ਵਿਚ,
ਇਹ ਨਿੱਕੀ ਨਿੱਕੀ ਅਮੁੱਲ, ਨਾਨਾ ਅੰਮ੍ਰਿਤਤਾ,
ਇਹੋ ਤਾਂ ਕਰਤਾਰ ਦੀ ਕਰਤਾਰਤਾ ਦਾ, ਸ੍ਵਾਦਲਾ ਨਾਨਾ-ਵੰਨਪੰਨ ਹੈ,
ਇਹੋ ਤਾਂ ਰਸੀਆਂ ਦੀ ਆਸ ਭਾਰੀ, ਨਹੀਂ ਤਾਂ ਬਾਕੀ ਮਰਨ, ਮਰਨ ਹੈ,
ਇਹੋ ਤਾਂ ਰਸ ਦਾ ਜੀਣ ਬਾਬਾ, ਇਹੋ ਤਾਂ ਦਰਸ਼ਨ ਹੈ ।
ਬੂੰਦ ਬੂੰਦ ਲਟਕੀ ਹੈ, ਚਮਕੀ ਤਾਰ, ਤਾਰ ਨਾਲ, ਖਚੀਂਦੀ ਤਾਰ ਕਿਰਨ ਹਾਰ,
ਬੂੰਦ, ਬੂੰਦ ਖੇਡਦੀ, ਇਹੋ ਤਾਰ ਬੰਨ੍ਹਦੀ ਸਦੈਵਤਾ ਨੂੰ ਛਿਣ, ਛਿਣ ਦੇ
ਸੁਫ਼ਨੇ ਵਿਚ, ਸਦੈਵਤਾ ਖੇਡਦੀ !
ਇਹੋ ਤਾਰ ਪ੍ਰਦੀ ਕਰਤਾਰ ਦੀ ਜਿੰਦਤਾ ਨੂੰ, ਅਣਹੋਈਅਣ ਹੈ—ਅਣਹੋਸੀ
ਨਿਰਜਿੰਦ ਜਿਹੀ ਚੀਜ਼ ਨਾਲ, ਬਸ ਜਿੰਦਤਾ ਖੇਡਦੀ, ਵਾਹ ! ਵਾਹ !
ਸਾਈਂ ਕਰਦੇ-ਇਹ ਕਰਤਾਰ ਦੀ ਕਰਤਾਰਤਾ !