ਫ਼ਲਸਫ਼ਾ ਤੇ ਆਰਟ (ਉਨਰ)
१
ਫ਼ਲਸਫ਼ਾ ਜਿੰਨਾਂ ਆਰਟ ਰੂਪ ਹੈ,
ਉਹ ਕੁਝ ਇੰਜ ਹੈ, ਜਿਵੇਂ ਅਨਪੜ੍ਹ ਜ਼ਿਮੀਂਦਾਰ ਜ਼ਿਮੀਂ ਵਾਹੁੰਦਾ ਤੇ ਦਾਣੇ
ਪਾਂਦਾ ਆਪਣੇ ਘਰ, ਬਿਨਾਂ ਜਾਣੇ ਗੱਲਾਂ ਬਾਹਲੀਆਂ,
ਆਪ ਮੁਹਾਰੀ ਉਤੋਂ ਜਿੰਨੀ ਲੋੜ ਹੁੰਦੀ, ਫ਼ਲਸਫ਼ਾ ਆਪ ਮੁਹਾਰਾ ਆਉਂਦਾ
ਜਿਵੇਂ ਨਿੱਕੀ ਇਕ ਬੱਤੀ ਫੜੀ ਹੱਥ ਵਿਚ, ਲੰਮੀ ਹਨੇਰੀ ਜੰਗਲ-
ਵਾਟ ਟੁਰੀ ਜਾਂਦਿਆਂ ਜਾਂਦਿਆਂ, ਆਪ ਮੁਹਾਰੀ, ਨਪ, ਨਪ, ਕੱਟਦੀ!
ਇਕ ਵਾਰ ਜੱਟ ਇਕ ਸੋਚਾਂ-ਵਹਿਣ ਪੈ ਗਿਆ,
ਹਲ ਛੱਡਿਆ, ਪੈਲੀਆਂ ਵਿਚ ਜਾਗ ਜਿਹੀ ਵਿਚ ਸੈਂ ਗਿਆ,
ਉਹ ਪੁੱਛਦਾ ਬੀਜ ਕੋਲੂੰ, ਬੀਜ ਕਿਉਂ ਉੱਗਦਾ ?
ਮਿੱਟੀ ਵਿਚ ਕੀ ਹੈ ? ਬੀਜ ਫੜ ਸੁੱਕਾ ਹਰਿਆਂਵਦੀ, ਜਿਥੇ ਕੁਝ ਨਹੀਂ ਸੀ,
ਉਥੇ ਸਭ ਕੁਝ ਹੌਂਵਦਾ, ਜ਼ਮੀਨ ਵਿਚ ਕੌਣ ਛੁਪਿਆ, ਜਿਹੜਾ ਕਣਕ
ਦੇ ਬੂਟੇ ਨੂੰ ਉੱਚਾ, ਉੱਚਾ ਕਰਦਾ, ਪੱਤਰ ਕੱਢ, ਕੱਢ, ਚਿਤਰ ਜੀਂਦਾ,
ਜੀਂਦਾ ਖਿਚਦਾ, ਕੀ ਇਹ ਉਹੀ ਬੀਜ ਹੈ ?
ਪਿਆ ਵਹਿਣ ਨਵਾਂ ਜੱਟਾਂ ਦਾ ਪੁੱਤ ।
ਜੱਟ ਸਾਰੇ 'ਕੱਠੇ ਹੋ ਆਖਦੇ ।
ਓ ! ਆਲਾ ਸਿੰਘਾ !
ਕੀ ਹੋਇਆ ? ਕੂੰਦਾ ਨਹੀਂ ਤੂੰ ?
ਨਾਂਹ ਹਲ ਮਾਰਦਾ ?
ਦੂਜਾ ਜੱਟ-ਮਚਲਿਆ ! ਰੋਟੀ ਖਾਂਦਾ, ਲੱਸੀ ਪੀਂਦਾ ਸਭ ਸਾਡੇ ਵਾਂਗ, ਪੈਲੀ ਵਿਚ ਲੇਟ ਲੇਟ ਪਿਛਲੇ ਦਾਣੇ ਸਾਰੇ ਗੰਦੇ ਕਰਦਾ, ਓਏ ! ਕਿਰਤ ਥੀਂ ਛੁੱਟੜਾ ।
ਤੀਜਾ-ਕੁਝ ਨਾ ਆਖੋ ਭਾਈ ! ਆਲਾ ਸਿੰਘ ਸਾਧ ਹੋ ਗਿਆ ਜੇ ।