ਚੌਥਾ--ਲੈ ! ਵੇਖਾਂ ਸਾਧ ਹੋ ਗਿਆ ਈ ਉੱਲੀ ਲੱਗੇ ਬੰਦੇ ਵੀ ਸਾਧ ਥੀਂਦੇ ?ਆਲਾ ਸਿੰਘ ਆਲਸ ਦੀ ਉੱਲੀ ਦਾ ਮਾਰਿਆ, ਸਚ ਜਾਣੀਂ ! ਸਾਧ ਤਾਂ ਤੇਜ਼ ਧਾਰ ਵਾਲੀ ਤਲਵਾਰ ਹੁੰਦੇ, ਉਹ ਤਾਂ ਕੁਝ ਹੋਰ ਚੀਜ਼ ! ਪੰਜਵਾਂ-ਭਰਾ ਸਾਡੇ ਨੂੰ ਕਈ ਮਨ ਦਾ ਰੋਗ ਲਗਾ ਈ, ਭਰਾਵਾਂ ਦੱਸ ਖਾਂ ! ਦਾਣੇ ਇਕ ਦੀ ਥਾਂ ਦੋ ਕਿੰਜ ਲਗਣ, ਤੇ ਸੋਚਦਿਆਂ ਇਕ ਵੀ ਗੁੰਵਾ ਲਿਆ ਈ ਭਰਾਵਾ ! ਇਸ ਸਾਲ ਹੁਣ ਤੇਰੇ ਘਰ ਦਾਣੇ ਮੁਕਣੇ !
ਇਹੋ ਨਾਂਹ ਬਸ ਸੋਚਾਂ ਦਾ ਸਿੱਟਾ :
ਹਲ ਵਾਹੋ, ਰੂੜੀ ਪਾਓ, ਜਾਂ ਖਾਦ ਬਣੀ ਹੱਡੀ ਪਾਓ, ਲਹੂ ਪਾਓ, ਪੈਲੀ ਵਾਹੋ, ਪਸੀਨੇ ਆਪਣੇ ਦਾ ਬੀਜ ਪਾਓ, ਮੁੜ ਵਾਹੋ, ਬੀਜ ਚੰਗਾ ਚੁਣੋ, ਮੁੜ ਚੁਣੋ, ਫਿਰ ਚੁਣੋ, ਇਹ ਸਭ ਠੀਕ, ਇੰਨਾਂ ਤਾਂ ਅਸੀਂ ਵੀ ਸਮਝਦੇ । ਪਰ ਸੋਚਾਂ ਕੀ ਸੰਵਾਰਦੀਆਂ !
ਫਲਾਸਫ਼ਰ ਬੋਲਿਆ :
ਹੈਂ ! ਕੀ ਸਾਰਾ ਸਾਲ ਹੀ ਲੰਘ ਗਿਆ, ਮੈਂ ਤਾਂ ਹਾਲੇ ਇਥੇ ਅਪੜਿਆ ਕਿ ਖੇਤੀ ਕਰਨਾ ਸਾਡੇ ਵੱਸ ਦੀ ਹੀ ਚੀਜ਼ ਨਾਂਹ, ਹਲ ਕਾਹਨੂੰ ਮਾਰਨਾ ! ਮੀਂਹ ਪਾਣਾ ਜੋ ਵਸ ਨਾਂਹ ਸਭ ਕੰਮ ਕਸੂਤਰੇ। ਕੰਮ ਕਰਨਾ ਨਿਹਫਲ ਜਿਹਾ ਦਿੱਸਦਾ !
ਸਾਰੇ -ਓਏ ! ਆਲਾ ਸਿੰਘਾ !
ਬੱਸ ! ਇਸ ਔਕੜਾਂ ਵਿਚ ਫਸਿਆ ਪਿਆ ਹੈਂ, ਅਸਾਂ ਕਿਹਾ ਕੋਈ ਸੁਹਣੀ ਗੱਲ ਸੋਚਦਾ ! ਕਮਲਿਆ ! ਚਲ, ਉੱਠ, ਹਲ ਜੋੜ, ਮੀਂਹ ਪੈਸੀ ਨਾ ਪੈਸੀ ਸੋਚਦਾ । ਨਾਂ ਪਿਆ ! ਅਸੀਂ ਧਰਤੀ ਪੁੱਟ ਤੇਰੀ ਪੈਲੀ ਖੂਹ-ਪਾਣੀ ਦਿਆਂਗੇ, ਉਠ ਕਮਲਿਆ। ਹੱਕ ਬਲਦ ।
ਬੱਸ ਠੀਕ ! ਇਉਂ ਜਦ ਆਰਟ (ਉਨਰ) ਦੀ ਕਿਰਤ ਥੀਂ, ਸੋਚ ਨਿਕਲ ਲਾਂਭੇ ਜਾਂਦੀ, ਫਲਸਫਾ ਬਣਦੀ, ਇਹ ਫਲਸਫਾ-ਸੋਚ ਮਾਰਦੀ, ਆਰਟ ਵੀ ਉਠ ਮਾਰਦਾ ਜਦ ਨਿਰੋਲ ਫ਼ਲਸਫ਼ਾ ਬਣ ਆਉਂਦਾ, ਅਤੀ ਚਿੰਤਨ ਫਲਸਫਾ ਹੈ ਜਿਵੇਂ ਜੱਟਾਂ ਬੁੱਝਿਆ, ਬੰਦੇ ਨੂੰ ਉੱਲੀ ਲਾ ਮਾਰਦਾ, ਆਦਮੀ ਕੁਝ ਮਸਿਆ, ਮੁਸਿਆ ਹੁੰਦਾ, ਬਦਬੂ ਆਉਂਦੀ !