ਇਹ ਮੈਂ ਜੜ ਹੈ, ਪਰ ਚੈਤਨਯ ਮਯ ਦਾ ਇਸ ਵਿਚ,
ਜਿਉਂ ਬਰਫਾਂ ਦੀ ਚਿਟਿਆਈ ਵਿਚ ਰੂਪ ਭਬਕਦਾ,
ਵਾਂਗ ਬੁਦਬੁਦੇ ਖਿਣ ਭੰਗਰ ਹੈ,
ਪਰ ਅਮਰ ਇਹੋ ਜਿਹੀ ਹੋਰ ਕੋਈ ਵਸਤ ਨਹੀਂ,
ਮੌਤ ਤੇ ਜੀਵਨ ਦੀਆਂ ਘਾਟੀਆਂ, ਵਾਦੀਆਂ, ਸ਼ੂਕਦੀ ਲੰਘਦੀ ਸਹਿਜ ਸੁਭਾ
ਵਾਂਗ ਹਵਾ ਦੇ, ਵਗਦੀ ਜਲ ਵਾਂਗੂ ਠਾਠਾਂ ਮਾਰਦੀ ਮੌਤੇ ਦੇ ਇਧਰ
ਉਧਰ, ਚਾਰ ਚੁਫੇਰੀਆਂ, ਮੁੜਦੀ, ਧੁੱਪ, ਛਾਂ ਕਰਦੀ, ਜੀਣ ਮਰਨ ਨੂੰ,
ਸਦਾ-ਉਡਾਰੂ ਜਿਹੀ, ਲੋਪ, ਲੋਪ ਹੁੰਦੀ,
ਝਿਲਮਿਲਾ ਸੰਸਾਰ ਇਹਦਾ ਕੱਪੜਾ,
ਸਭ ਦਿੱਸਣ ਪਿੱਸਣ ਇਹਦਾ ਗਹਿਣਾ,
ਬੱਸ ! ਇਹ ਨਿੱਕਾ ਜਿਹਾ ਜਾਦੂ ਰੰਗ ਕਰਤਾਰ ਦਾ।
२
ਠੀਕ, ਘੁਮਿਆਰ ਭਾਂਡਿਆਂ ਵਿਚ ਵੱਸਦਾ,
ਰੀਝ ਜਿਹੀ ਵਿਚ ਆ ਕੇ, ਬੁੱਤ ਬਣਾਇਆ ਤੇ ਆਪ ਮੋਹਿਤ ਹੋ ਉਨ੍ਹਾਂ
ਵਿਚ ਵੱਸਦਾ, ਹੋਠ ਤੱਕੀਂ ਨੀ ਲਾਲ, ਲਾਲ ਮਿੱਟੀ ਦੇ ਘੜੇ ਦੇ !
ਘੜਾ - ਇਹ ਘੁਮਿਆਰ ਦਾ ਸੁਫਨਾ,
ਸੁਰਾਹੀ—ਗਰਦਨ, ਸੁਰਾਹੀ ਦੀ ਗਰਦਨ ਉਹ ਜਿਸ ਨੂੰ ਘੁਮਿਆਰ, ਦਿਨ,
ਰਾਤ ਪਿਆਰਦਾ,
ਬਰਤਨ--ਮਿੱਟੀ ਥੀਂ ਹੱਥ ਕਰਤਾਰ ਦਾ ਅਮਰ ਜਿਹੀਆਂ ਸ਼ਕਲਾਂ ਕੱਢਦਾ,
ਇਹ ਬਰਤਨ, ਇਹ ਕਤਾਰਾਂ ਭਾਂਡਿਆਂ ਦੀਆਂ ਕਿਹੀਆਂ ਸੁਹਣੀਆਂ,
ਖਿਆਲਾਂ ਥੀਂ ਚੰਗੀਆਂ, ਸੁਫਨਿਆਂ ਥੀਂ ਮਿੱਠੀਆਂ, ਪਿਆਰ ਦੀਆਂ
ਚੁੰਮੀਆਂ,
ਸਿਮਰਨ ਦੇ ਸਵਾਸ ਇਨ੍ਹਾਂ ਭਾਂਡਿਆਂ ਵਿਚ ਕਿਹੇ ਚੱਲਦੇ,
ਇਨ੍ਹਾਂ ਲੱਖਾਂ ਚਿਹਰਿਆਂ ਵਿਚ ਇਕ ਨੂਰੀ ਚਿਹਰਾ ਘੁਮਿਆਰ ਦਾ
ਲਿਸ਼ਕਦਾ !