ਛੰਨਾਂ-ਪਾਣੀ ਕਿਸ ਵਿਚ ਪੀਣ ਲੱਗਾ ਹੈਂ ਸੱਜਨਾਂ ! ਛੰਨਾਂ ਛਿਣ ਛਿਣ ਕੂਕਦਾ,
ਘੁਮਿਆਰ ਦੇ ਦਿਲ-ਲੁਕਾ ਗੀਤ, ਸੁੰਝ ਸਾਰੀ ਮਾਰਦਾ ।
ਕੂਜ਼ਾ - ਇਹ ਕੁਜ਼ਾ ਹੱਥ ਤੇਰੇ ਸੱਜਨਾਂ ! ਠੰਢੇ ਚਸ਼ਮਿਆਂ ਦੀ ਧਾਰ ਦੀ ਸੁਰ
ਫੜੀ ਤੂੰ,
ਡੋਹਲ ਪਾਣੀ ਭਰਿਆ ਕੂਜ਼ਾ ਜੀਵਨ-ਧਾਰ ਪਈ ਪੈਂਦੀ, ਸਿਮਰਨ ਵਗਦਾ !
ਪਿੱਤਲ ਦੇ ਕੌਲ ਕੌਲੀਆਂ-
ਨਿੱਕੇ ਨਿੱਕੇ ਪਿੱਤਲ ਦੇ ਕੌਲ ਕੌਲੀਆਂ ਕਿਸ ਬਣਾਏ, ਗਿਆ ਕਿਥੇ
ਠਠਿਆਰ,
ਫੁੱਲਾਂ ਦੇ ਮੂੰਹ ਜਿਹੇ ਲੱਗਦੇ,
ਠਠਿਆਰ ਦੀ ਰੂਹ ਚਮਕਦੀ,
ਫੁੱਲ ਇਹ ਗੱਲਾਂ ਕਰਦੇ ਹੋਠਾਂ ਤੇਰਿਆਂ ਦੇ ਨਾਲ ਲਗ,
ਕਿ ਕਰਤਾਰ ਆਪ ਤੈਨੂੰ ਚੁੰਮਦਾ ?
ਥਾਲੀ ਕਾਂਸੀ ਦੀ-
ਇਹ ਥਾਲੀ ਤੇਰੀ ਸੱਜਨਾ !
ਕੰਡੇ ਨਿੱਕੀ ਨਿੱਕੀ ਪਹਾੜੀ ਰਮਲ ਦੀ ਵਾੜ ਵਿਚ ਘਿਰੀ ਤੇਰੀ ਵਾਦੀ
ਦੀ ਖੁਲ੍ਹ ਸੱਜਨਾ !
ਇਹ ਵਿਹੜਾ, ਤੇਰਾ ਘਰ, ਪਹਿਰੇ ਦੇਂਵਦੇ
ਕੀ ਪੈਲੀ ਤੇਰੀ ਵਾਹੀ, ਬੀਜੀ ਦੀ ਵਾੜ ਇਹ,
ਕੀ ਅੰਦਰ ਦੀ ਸ੍ਵੈਤੰਤਰਤਾ, ਚੋਗਿਰਦਿਓਂ ਬੱਝੀ ਪਈ ਸੋਭਦੀ, ਡੁਲ੍ਹਣ,
ਵੀਟਣ, ਗਵਾਚਣ ਥੀਂ ਬਚਾਅ ਜਿਹਾ ਇਹ ਕੰਢੇ ਇਹਦੇ,
ਕੀ ਤੇਰਾ ਦਿਲ ਚਮਕਦਾ, ਤੇ ਸਾਫ਼ ਦਿਲ 'ਤੇ ਪੈਂਦੇ ਝਾਵਲੇ ਆਕਾਸ਼ ਦੇ ?
ਕੀ ਸਿਮਰਨ ਤੇਰਾ ਇਸ ਵਿਚ ?
ਕੀ ਕਰਤਾਰ ਦਿਤੀ ਰੋਟੀਆਂ ?
ਕੜਛੀ-
ਕੜਛੀ ਸੱਜਨਾ !
ਕੈਂਹ ਦਾ ਹੱਥ ਨਿੱਕਾ ਨਿੱਕਾ,
ਕੈਂਹ ਦੀ ਬਾਂਹ ਘਰ ਤੇਰੇ ਲਿਸ਼ਕਦੀ,