ਇਉਂ ਨਿੱਕੀ ਜਿਹੀ ਮੈਂ ਖੁਲ੍ਹੇ ਘੁੰਡ ਮੋਹਿਤ ਹੁੰਦੀ ਸਭ 'ਤੇ, ਮੋਹਿਤ ਕਰਦੀ
ਆਉਂਦੀ, ਤਖਤਾਂ 'ਤੇ ਹੱਸਦੀ, ਖੇਡਦੀ, ਘਾਹਾਂ ਤੇ ਰੇਤਾਂ ਦੀ ਸੇਜਾਂ 'ਤੇ
ਰੀਝਦੀ, ਗੁਟਕਦੀ, ਮੁਸ਼ਕਦੀ, ਨੱਸਦੀ, ਆਂਦੀ ਜਾਂਦੀ........
ਪਿਆਰ ਵਾਲਾ ਸਦਾ ਲੁਕਿਆ ਭੇਤ ਇਹ, ਖੁਲ੍ਹੇ ਘੁੰਡ ਦਾ ਵੇਲਾ ਕੋਈ ਕੋਈ
ਵਿਰਲਾ, ਵਿਰਲੀ ਵਿਰਲੀ ਰੂਹ, ਕੋਈ, ਅਨੇਮੀ ਜਿਹਾ, ਭਾਗ ਜਿਹਾ,
ਕਦੀ ਕਦੀ ਦਿੱਸਦਾ ।
ਦੀਵਿਆਂ ਲੱਖਾਂ ਦੀ ਜਗਮਗ
ਅਨੇਕ ਹੋਣਾ ਦਾ ਹੋਣਾ, ਅਨਗਿਣਤ ਮੈਂ-ਆਂ ਦੀ ਮਮਤਾਂ, ਕਰਤਾਰ ਦੇ
ਪਿਆਰ ਵਿਚ ਬਲਦੀਆਂ,
ਇਹ ਵੱਖ ਵੱਖ ਲੱਖ ਲੱਖ, ਦੀਵਿਆਂ ਦੀ ਜਗਮਗ ਦਾ ਮਿਲਵਾਂ ਸੁਹਣੱਪ ਹੈ।
ਕਰਤਾਰ ਦਾ ਕੰਮ ਹੈ-ਅਨੇਕ ਕਰਨ, ਇਹਦਾ ਰੂਪ-ਨਾਨਤਾ,
ਸੁਹਣੱਪ ਨੂੰ ਮੁੜ ਮੁੜ ਜਨਮ ਦੇਣਾ, ਹੋਰ ਹੋਰ ਸੁਹਣਾ ਕੋਈ ਵੰਨ, ਕੋਈ ਰੰਗ
ਭਰਨਾ ਨੂਰ,
ਦੱਸਦੀ, ਵੱਖ, ਵੱਖ, ਲੱਖ ਲੱਖ, ਨਵੇਂ ਜਨਮ, ਹਰ ਘੜੀ, ਸ੍ਵਾਸ, ਸ੍ਵਾਸ, ਨਵਾਂ
ਸੱਜਰਾ ਆਦਿ ਹੈ ਹਰ ਘੜੀ, ਹਰ ਪਲ ਛਿਣ ਇਕ ਅਨਾਦਿ ਦਾ !
ਅਨੇਕਤਾ ਸੁਹਣੱਪ ਦੀ ਜਵਾਨੀ ਹੈ, ਇਹ ਭਰ ਜਵਾਨੀ ਦੀਆਂ ਨਦਰਾਂ ਦਾ
ਭਰਵਾ, ਰੱਜਵਾਂ ਖਿੱਚਵਾਂ, ਮਾਰਵਾਂ ਸਵਾਦ ਹੈ!
ਇਹ ਕਰਤਾਰ ਦੀ ਏਕਤਾ ਦੀ ਮਹਿਫਲ ਹੈ, ਰਾਗ ਦੀ, ਸੁਰਾਂ ਦੀ ਨਾਨਤਾ !
ਬੁੱਧ ਜੀ ਦਾ ਬੁੱਤ, ਧਿਆਨੀ ਬੁੱਧ
ਪੱਥਰ ਦਾ ਬੁੱਤ, ਬੱਸ,
ਕਿ ਹੋਰ ਕੁਝ ?