ਕਵੀ-ਦਿਲ ਤੇ ਚਿੱਤ ਸਦਾ ਕੱਜਿਆ ਹੈ, ਓਹਦੇ ਇਰਦ ਗਿਰਦ ਸਦਾ ਓਸ ਤਰਾਂ ਦਾ ਪ੍ਰਲੈਈ ਹਨੇਰੇ ਧੁੰਧੂ-ਕਾਰਾਂ ਜਿਹਾਂ ਦਾ ਪਰਦਾ ਹੁੰਦਾ ਹੈ, ਜਿਹਦਾ ਰੂਪ ਅਸੀ ਚਿੰਨ੍ਹ ਮਾਤ੍ਰ ਦੱਸ ਆਏ ਹਾਂ । ਜਦ ਕੁਦਰਤ ਆਪਣੀ ਬਰਫਾਨੀ ਕਿਸੀ ਚੋਟੀ ਨੂੰ ਨਵੀਂ ਵਿਆਹੀ ਵਹੁਟੀ ਵਾਂਗ ਸਜਾ ਕੇ ਘੜੀ ਦੀ ਘੜੀ ਛਾਏ ਬੱਦਲਾਂ ਦੇ ਪਰਦੇ ਨੂੰ ਅੱਧਾ ਖੱਬੇ ਅਧਾ ਸੱਜੇ ਕਰ ਦਰਸਾਂਦਾ ਹੈ ਤੇ ਨਾਲੇ ਸੂਰਜ ਦੀ ਟਿਕਾ ਉਸ ਰਸਿਕ ਕਿਰਤ ਤੇ ਨੂਰ ਦੇ ਫੁੱਲ ਵਰਸਾਂਦੀ ਨਜ਼ਰ ਆਉਂਦੀ ਹੈ, ਇਉਂ ਹੀ ਕਵੀ-ਚਿਤ, ਕਵੀ-ਦਿਲ, ਕਵੀ-ਰਸ ਦੀ ਕਿਰਤ ਦਾ ਝਾਕਾ ਸਾਨੂੰ ਕਦੀ ਕਦੀ ਕਿਸੀ ਸਵਾਂਤੀ ਨਛੱਤ੍ਰ ਦੀ ਘੜੀ, ਬਸ ਇਕ ਪਲ ਛਿਣ ਲਈ ਨਸੀਬ ਹੁੰਦਾ ਹੈ ॥
ਕਵੀ-ਚਿੱਤ ਇਕ ਚਿੱਤ੍ਰ ਖਿੱਚਣ ਵਾਲੀ ਬੁੱਤ-ਸ਼ਾਲਾ ਹੈ, ਜਿੱਥੇ ਮਾਦਾ-ਜਗਤ, ਮੁਰਦਾ-ਜਿੰਦਗੀ, ਰੂਹਾਨੀ ਜਗਤ ਦੀ ਸਦਾ ਜੀਵੀ ਜੋਤ-ਜ਼ਿੰਦਗੀ ਦੀ ਸਾਮਿੱਗ੍ਰੀ ਹੈ, ਨਾ ਸਿਰਫ ਰੂਪ, ਰੰਗ ਨੂੰ ਪ੍ਰਮਾਣੂ ਰੂਪ ਕਰ ਰੱਬੀ ਗੁਣਾਂ ਨੂੰ ਚੁਣ ਚੁਣ ਆਪਣੇ ਅੰਦਰ ਭਰਦਾ ਹੈ, ਉਹ ਹਰ ਇਕ ਰੰਗ, ਚਾਲ, ਥੱਰਰਾਹਟ, ਕਾਂਬੇ, ਹਿਲਜੁਲ, ਭਰਵੱਟੇ ਤੇ ਅੱਖਾਂ ਦੇ ਇਸ਼ਾਰਿਆਂ, ਨਦਰਾਂ ਦੇ ਅਰਥਾਂ ਆਦਿ, ਸਭ ਨੂੰ ਆਪਣੀ ਹੰਸ ਵਾਲੀ ਸ਼ਕਤੀ ਦਵਾਰਾ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ ਤੇ ਉਸ ਵਿੱਚੋਂ ਇਨ੍ਹਾਂ ਜ਼ਿੰਦਗੀ ਦੇ ਚੁੱਪ-ਚਾਲਾਂ, ਕਾਂਬਿਆਂ ਤੇ ਇਸ਼ਾਰਿਆਂ ਤੇ ਸੈਣਤਾਂ ਦੇ ਵਿੱਚੋਂ ਰੱਬੀ-ਪ੍ਰਮਾਣੂ ਕੱਢਕੇ ਚੁਣਕੇ ਆਪਣੇ ਦਿਲ ਦੀਆਂ ਲੁਕੀਆਂ ਤੈਹਾਂ ਵਿੱਚ ਰੱਬੀ ਚਿੱਤ ਰੂਪ ਕਰ ਅਕੱਠਾ ਕਰਦਾ ਹੈ ॥
ਜਿਸ ਤਰਾਂ ਇਸ ਹੈਵਾਨੀ ਜੀਵਨ ਖੇਤ੍ਰ ਤੇ ਹੈਵਾਨੀ ਕੁਦਰਤ ਦੇ ਚੁਗਿਰਦੇ ਵਿੱਚਦੀ ਲੰਘਦੇ ਅਸਾਂ ਕਵੀ-ਚਿੱਤ ਨੂੰ ਰੂਪ, ਰੰਗ ਤੇ ਨਾਨਾ ਸ਼ਰੀਰੀ ਜੀਵਨ ਦੇ ਭੂਤਿਕ ਮਾਦਾ ਮਨ ਦੀ ਹਿਲ ਜੁਲ ਆਦਿ ਨੂੰ ਪ੍ਰਮਾਣੂ ਕਰਦੇ ਤੇ ਚੋਣ ਕਰਦੇ ਤੱਕਿਆ ਹੈ, ਇਸੀ ਤਰਾਂ ਹੁਣ ਅਸੀ ਇਹਨੂੰ ਇਸ ਪਦਾਰਥੀ ਚੁਗਿਰਦੇ ਦੇ ਕਰਮ ਖੇਤ੍ਰ ਵਿੱਚੋਂ ਲੰਘਦੇ ਦੇਖ ਸੱਕਦੇ ਹਾਂ ।ਇਹ ਸੋਨੇ ਦੀ ਰੇਖ ਜਿੱਥੇ ਵੱਗੇ ਆਪਣੀ ਚਮਕ ਵਿੱਚ ਹੁੰਦੀ ਹੈ, ਇਹਨੂੰ ਕੋਈ ਆਦਮੀ ਪਿਤਲ ਆਖ ਨਹੀਂ ਸਕਦਾ ॥
ਕਵੀ-ਚਿੱਤ ਕਰਮਾਂ ਭੋਗਾਂ, ਜੋਗਾਂ, ਗ੍ਰਹਿਸਥਾਂ, ਪਾਪਾਂ, ਪੁੰਨਾਂ ਵਿੱਚੋਂ ਦੀ ਲੰਘਦਾ ਆਪਣੇ ਕਰਮਾਂ ਨੂੰ ਵੀ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ, ਤੇ ਕੇਵਲ ਰੱਬੀ ਕਰਮ ਦੇ ਪ੍ਰਮਾਣੂ ਮਿਕਨਾਤੀਸ ਵਾਂਗ ਉਸ ਨਾਲ ਰਹਿੰਦੇ ਹਨ, ਬਾਕੀ ਸਭ ਆਪ-ਮੁਹਾਰੇ ਝੜ ਜਾਂਦੇ ਹਨ। ਕਵੀ ਸਦਾ ਕਰਮਾਂ ਦੀ ਸੇਜਲ ਥੀਂ ਅਣਭਿੱਜਾ ਹੁੰਦਾ ਹੈ, ਲੋਕੀ ਹੈਵਾਨ ਲੋਕੀ ਬੜੇ ਧੋਖੇ ਖਾਂਦੇ ਹਨ, ਮਨ ਦੇ ਪਦਾਰਥਿਕ ਵਿਚਾਰਾਂ ਦੇ ਮਾਰੂ ਰੂਹਾਨੀ ਕਰਿਸ਼ਮੇ ਥੀਂ ਨਾਵਾਕਫ ਹੁੰਦੇ ਹਨ, ਸ਼ਰਾਬੀਆਂ ਵਾਂਗ ਪਾਰਥਿਕ ਬੇਹੋਸ਼ੀ ਵਿੱਚ ਕੁਛ ਦਾ ਕੁਛ ਕਹਿੰਦੇ ਜਾਂਦੇ ਹਨ। ਕਵੀ-ਚਿੱਤ ਤਲਵਾਰ ਚੁੱਕ ਜਦ ਮਾਰਦਾ ਹੈ ਤੇ ਮੈਦਾਨ ਜੰਗ ਵਿੱਚ ਇਕ ਜਰਨੈਲ ਤੇ ਸਿਪਾਹੀ ਵਾਂਗ ਕੱਪੜੇ ਪਾਏ ਕਾਤਲਾਂ ਜਰਾਰਾਂ ਵਾਲੇ ਕਹਿਰ ਕਰਮ ਵਿੱਚ ਦਿਸ ਆਉਂਦਾ ਹੈ, ਤਦ ਇਨਾਂ ਮੋਏ ਮਾਰੇ ਬੰਦਿਆਂ ਦੀ ਪਾਰਸਾਈ ਤੇ ਪਯਾਰ, ਪਾਕੀਜ਼ਗੀ ਆਦਿ ਕੰਬ ਉੱਠਦੇ ਹਨ । ਮੋਏ ਮਨਾਂ ਨੂੰ ਹੌਲ ਪੈ ਜਾਂਦਾ ਹੈ, ਕਿ ਹੈਂ ! ਰੱਬਤਾ ਕਦੀ ਕਤਲ ਕਰਨ ਵਿੱਚ ਵੀ ਹੋ ਸਕਦੀ ਹੈ ?