

ਜਦ ਹਰ ਚੀਜ਼ ਦੇ ਦੂਜੀ ਨਾਲ,
ਹਨ ਸਦਾ ਪ੍ਰੀਤ ਦੇ ਮੇਲੇ ॥
ਆ ਵੇਖ ਪਰਬਤ ਕਿੰਞ,
ਗਗਨਾਂ ਨੂੰ ਹਨ ਚੁੰਮਦੇ।
ਤੇ ਸਾਗਰ-ਲਹਿਰਾਂ ਇਕ ਦੂਜੇ
ਨੂੰ ਮਾਰਨ ਜੱਫੀਆਂ ।
ਇਕ ਭੈਣ ਫੁੱਲ ਦੂਜੇ ਭਰਾ,
ਸ਼ਗੂਫੇ ਨੂੰ ਜੇ ਨ ਚੁੰਮੇ ।
ਕੁਦਰਤ ਮਾਫੀ ਕਦੀ ਨ ਦੇਵੇ ।
ਸੂਰਜ ਦੀਆਂ ਕਿਰਨਾਂ ਧਰਤ ਨੂੰ ਆਪਣੀ
ਬਾਹਾਂ ਪੰਗੂੜੇ ਵਿੱਚ ਉਲਾਰਣ ।
ਤੇ ਚੰਨ ਦੀਆਂ ਰਸ਼ਮੀਆਂ ਸਾਗਰ ਦਾ
ਮੂੰਹ ਪਿਆਰ ਦੇ ਦੇ ਚੁੰਮਣ ।
ਇਹ ਸਭ ਚੁੰਮਣ ਕਿਸ ਕਮ ਪਿਆਰੀ !
ਜੇ ਤੂੰ ਨਾ ਆ ਮੈਨੂੰ ਇਉਂ ਚੁੰਮੇ।
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ।
ਕੌਲ ਫੁੱਲ ਤੇ ਸੂਰਜ ਦੀ ਪਤਲੀ ਕਿਰਣ ਦੀ ਮਿਤ੍ਰਤਾ ਦੀ ਕਹਾਣੀ ਕਵੀ ਜਨਾਂ ਦੇ ਦਿਲ ਵਿੱਚ ਫੁੱਟਦੀ ਹੈ, ਤੇ ਬਨਫਸ਼ਾਂ ਦੇ ਫੁੱਲ ਵਿੱਚ ਤ੍ਰੇਲ ਤੁਪਕਾ ਕਿਸੀ ਹੋਰ ਗੁਪਤ ਪਿਆਰ ਦੀ ਕਥਾ ਦਾ ਚੁੱਪ ਦਰਦ ਹੈ । ਧਰਤ ਦਰਹਕੀਕਤ ਮਾਤਾ ਹੈ। ਆਪਣੀ ਛਾਤੀ ਤੇ ਕਿੰਨੇ ਹੀ ਬੱਚੇ ਪਾਲਦੀ ਹੈ ਤੇ ਸਭ ਥੀਂ ਵੱਡਾ ਮਿਤ੍ਰ ਦੁਨੀਆਂ ਵਿੱਚ ਧਰਤੀ ਮਾਤਾ ਦਾ ਜੀਂਦਾ ਚਿੰਨ੍ਹ ਰੂਪ ਮਾਂ ਹੈ, ਤੇ ਕੁਦਰਤ ਦਾ ਰੂਹਾਨੀ, ਬੇਗਰਜ ਪਿਆਰ ਦਾ ਉਹਦੀ ਛਾਤੀ ਵਿੱਚ ਦੱਬਿਆ ਰਾਜ਼ ਮਾਂ-ਮੂਰਤ ਵਿੱਚ ਆਣ ਕੇ ਖੁਲਦਾ ਹੈ ॥