

ਸਾਰੇ ਪੰਡਤ ਜਗਤ ਨੂੰ ਦੁਖ ਰੂਪ ਦਸਦੇ ਹਨ । ਸੋ ਇਸ ਸਰਬਥਾ ਦੁਖ-ਰੂਪ ਵਿੱਚ ਜੋ ਘੜੀ ਸੁਖ ਦੀ ਮਿਲ ਗਈ ਸੋਈ ਸਹੀ, ਓਸਨੂੰ ਕਿਉਂ ਖਰਾਬ ਕਰੀਏ ।
ਰਾਣੀ ਕਹਲੂਰਨ-ਗੱਲ ਕਰਦਿਆਂ ਕੰਧ ਤੋਂ ਡਰੀਏ, ਤੇ ਤੂੰ ਜੀਉਂਦੇ ਕੰਨਾਂ ਤੋਂ ਨਹੀਂ ਡਰਨੀਏਂ, ਕਿੰਨੇ ਪਏ ਸੁਣਦੇ ਹਨ, ਜੇ ਕੰਨੀਂ ਜਾ ਚੜ੍ਹੀਆਂ ਤਾਂ ਰਵਾਲਸਰ ਵਿੱਚ ਹੀ ਡੇਰਾ ਨਾਂ ਲੱਗ ਜਾਏ ?
ਰਾਣੀ ਡਡਵਾਲਨ-ਮੇਰਾ ਕਿ ਖਸਮ ਦਾ ? ਸਾਰੀਆਂ-ਰਾਮ ? ਰਾਮ !!
ਰਾਣੀ ਸ੍ਰੀ ਨਗਰਨ-ਤੇਰੀ ਕੈਂਚੀ ਜੀਭ ਸੜੇ, ਘਰ ਵਾਲੇ ਨੂੰ ?
ਰਾਣੀ ਡਡਵਾਲਨ-ਡਿੱਠਾ ਨੀ ਘਰ ਵਾਲਾ, ਐਡਾ ਡੋਬਣ ਵਾਲਾ । ਚਾਰ ਹੇਠ ਤੇ ਪੰਜ ਉੱਤੇ ਧਰ ਕੇ ਰੱਖੀਆਂ, ਨੱਕ ਵਿੱਚ ਪਾਈ ਨਕੇਲ ਤੇ ਕਿਹਾ ਨੱਚੋਂ ਜੀ ਮਹਾਰਾਜ । (ਚੁਫੇਰੇ ਤਕ ਕੇ) ਨੱਕ ਭਰਵੱਟੇ ਨਾ ਵੱਟੋ ਅੜੀਓ !
ਤੇ ਨਾਂ ਟੁੱਕੋ ਬੁੱਲ੍ਹ, ਖਰੀਆਂ ਖਰੀਆਂ ਲਓ ਸੁਣ, ਅੰਦਰੋਂ ਸਾਰੀਆਂ ਮੈਥੋਂ ਵੱਧ ਹੋ, ਉੱਤੋਂ ਪਈਆਂ ਮੇਮਣੀਆਂ ਬਣੋਂ। ਮੈਂ ਕਹਿੰਦੀ ਹਾਂ ਖਰੀ ਗੱਲ, ਤੇ ਕਹਾਂਗੀ ਖਸਮ ਦੇ ਮੂੰਹ ਤੇ ਮੈਨੂੰ ਤਾਂ ਜਦੋਂ ਕਹਿੰਦਾ ਹੈ ਨਾਂ ਕਿ ਮੇਰਾ ਉਹ ਪ੍ਯਾਰ ਹੈ ਜੋ ਰਾਮ ਜੀ ਦਾ ਸੀਤਾ ਨਾਲ ਸੀ, ਤਾਂ ਮੈਂ ਥੱਥਾ ਨਹੀਂ ਰਖਦੀ, ਮੂੰਹ ਤੇ ਮਾਰਨੀ ਹਾਂ ਸੱਚੀ: ਡਿੱਠਾ ਜੀ ਤੁਹਾਡਾ ਪ੍ਯਾਰ, ਮੈਥੋਂ ਪਹਿਲਾਂ ਚਾਰ ਵਿਆਹ ਹੋ ਚੁੱਕੇ, ਚਾਰੇ ਰਾਜਿਆਂ ਦੀਆਂ ਧੀਆਂ, ਇਕ ਤੋਂ ਇਕ ਚੜ੍ਹਦੀਆਂ, ਗੁਣਾਂ ਵਾਲੀਆਂ ਮੈਂ ਤਾਂ ਕਿਸੇ ਦੇ ਪੈਰਾਂ ਦੀ ਤਲੀ ਜੇਹੀ ਬੀ ਨਹੀਂ, ਉਹ ਤੁਸਾਂ ਤਾਹ ਸੁੱਟੀਆਂ, ਤੇ ਮੇਰੇ ਨਾਲ ਕਦ ਨਿਭਣ ਲੱਗੇ ਹੋ—ਤੁਸਾਂਨੂੰ ਮਰਦਾਂ ਨੂੰ ਕਿਸੇ ਨਾਲ ਪ੍ਯਾਰ ਨਹੀਂ, ਨਵੇਂ-ਪਨ ਨਾਲ ਮੋਹ ਹੈ। ਜਿਸ ਤਰਾਂ ਬਾਲ ਓਸ ਤਰਾਂ ਮਰਦ । ਨਿੱਤ ਨਵੇਂ ਖਡੌਣੇ ਨਾਲ ਪ੍ਯਾਰ ਪੁਰਾਣੇ ਭੰਨੇ, ਨਵੇਂ ਹੋਰ ।
ਰਾਣੀ ਸ੍ਰੀ ਨਗ੍ਰਨ- ਫੇਰ ਗੁੱਸੇ ਨਹੀਂ ਹੋ ਜਾਂਦੇ ?
ਰਾਣੀ ਡਡਵਾਲਨ-ਹੋ ਪੈਣ ਤਾਂ ਹੋ ਪੈਣ, ਮੈਂ ਤਾਂ ਸਿਰ ਤਲੀ ਤੇ ਧਰੀ ਬੈਠੀ ਹਾਂ । ਚਾਰ ਚਿਖਾਂ ਜੋ ਸਾਹਮਣੇ ਬਲਦੀਆਂ ਦੇਖਦੀ ਹਾਂ, ਪੰਜਵੀਂ ਆਪਣੀ ਸਮਝਦੀ ਹਾਂ ਬੀੜੀ ਜਾ ਰਹੀ ਹੈ, ਪਰ ਜਦੋਂ ਪਊਂ ਓਦੋਂ ਸੜੂੰ । ਮੈਂ ਕਹਿੰਦੀ ਹਾਂ ਮੈਂ ਅੱਗੋਂ ਹੀ ਕਿਉਂ ਚੁੜ ਚੁੜ ਮਰਾਂ ? ਜਦ ਤੱਕ ਸਹੀ ਤਦ ਤੱਕ ਸਹੀ । ਏਹੋ ਮੈਂ ਖਸਮ ਦੇ ਮੂੰਹ ਤੇ ਮਾਰਨੀ ਹਾਂ, ਸਾਫ ਆਖਦੀ ਹਾਂ। ਕਰਮਾਂ ਦੀ ਯਾਵਰੀ ਹੈ, ਤੁਹਾਡੀ ਮੁਹੱਬਤ ਪਰਛਾਵਾਂ ਹੈ।
ਰਾਣੀ ਸੁਕੇਤਣ-ਧੰਨ ਤੂੰ ਹੈਂ, ਸਾਡੀ ਤਾਂ ਸਹਿਮਾਂ ਨਾਲ ਜਾਨ ਸੁੱਕੀ ਰਹਿੰਦੀ ਹੈ।
ਰਾਣੀ ਮੰਡਨੀ-ਵੇਖਣਾਂ ਕਿਤੇ ਏਸ ਦੀ ਰੀਸ ਨਾਂ ਕਰ ਬਹਿਣੀ । ਕੁੱਬੇ ਨੂੰ ਲੱਤ ਕਾਰ ਆ ਗਈ ਹੋਵੇ ਤਾਂ ਨਾਜ਼ਕ ਲੱਕ ਵਾਲੇ ਨੂੰ ਪੁੱਠੀ ਪਵੇਗੀ, ਭੈਣੋ ! ਆਪ ਆਪਣੇ ਥਾਂ ਸਮਝਕੇ ਵਰਤਣਾਂ । ਏਸ ਮੂੰਹ-ਪਾਟੀ ਦੀ ਕਦੇ ਰੀਸ ਨਾ ਕਰਨੀ।
ਰਾਣੀ ਡਡਵਾਲਨ-ਸੁਣ ਲਓ ਕਥਾ ਪੰਡਤਾਣੀ ਦੀ। ਖੂਬ ਡਰਿਆ ਕਰੋ, ਸੜਿਆ ਕਰੋ, ਕੁੜ੍ਹਿਆ ਕਰੋ, ਮਿਣਮਿਣ ਕਰਿਆ ਕਰੋ । ਇਹ ਜੇ ਸਤ ਧਰਮ, ਇਹੋ ਜੇ ਪਤੀਵਰਤ । ਉੱਤੋਂ ਠੰਡੇ ਵਿੱਚੋਂ ਆਵੇ ਦੀ ਅੱਗ ਵਾਂਙੂ। ਠੀਕ ਹੈ ਨਾਂ ?