

ਬੱਦਲ, ਸੂਰਜ
ਬਚਪਨ ਵਿੱਚ ਬੱਦਲਾਂ 'ਚ ਉੱਡਦੇ ਜਹਾਜ਼ ਦੇਖਣ ਦਾ ਚਾਅ ਕੀਹਨੂੰ ਨਹੀਂ ਸੀ ਹੁੰਦਾ? ਕਈ ਜਹਾਜ਼ਾਂ ਦੀ ਅਵਾਜ਼ ਐਨੀ ਤੇਜ਼ ਗੂੰਜਦੀ ਹੁੰਦੀ ਸੀ ਕਿ ਛੋਟੇ ਬੱਚੇ ਡਰ ਜਾਂਦੇ ਸੀ ਤੇ ਕਈਆਂ ਦੀ ਅਵਾਜ਼ ਬੜੀ ਮੱਧਮ ਜਿਹੀ ਹੋਣੀ। ਇਹ ਬਾਅਦ ਵਿੱਚ ਪਤਾ ਲੱਗਿਆ ਕਿ ਤੇਜ਼ ਅਵਾਜ਼ ਵਾਲੇ ਲੜਾਕੂ ਜਹਾਜ਼ ਹੁੰਦੇ ਨੇ ਤੇ ਸਵਾਰੀਆਂ ਵਾਲੇ ਜਹਾਜ਼ ਦੀ ਅਵਾਜ਼ ਬਹੁਤੀ ਪਰੇਸ਼ਾਨ ਕਰਨ ਵਾਲੀ ਨਹੀਂ ਹੁੰਦੀ। 5-7 ਸਾਲ ਦੀ ਉਮਰ ਵਿੱਚ ਜਹਾਜ਼ ਦੀ ਅਵਾਜ਼ ਸੁਣ ਕੇ, ਕਮਰਿਆਂ ਵਿੱਚੋਂ ਭੱਜ ਕੇ ਆਉਣਾ ਤੇ ਕਦੇ ਇਹ ਨਹੀਂ ਸੋਚਿਆ ਸੀ ਕਿ ਆਉਣ ਵਾਲੇ ਸਮੇਂ 'ਚ ਕਦੇ ਜਹਾਜਾਂ ਵਿੱਚ ਸਫ਼ਰ ਕਰਨਾ, ਆਮ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ।
ਇਹ ਲਗਭਗ 8 ਸਾਲ ਪਹਿਲਾਂ ਦੀ ਗੱਲ ਹੈ। ਮੈਂ ਬਰਮਿੰਘਮ ਤੋਂ ਗਲਾਸਗੋਂ ਜਾਣਾ ਸੀ ਤੇ ਮੈਂ ਏਅਰਪੋਰਟ ਲਈ ਜਦੋਂ ਘਰੋਂ ਨਿੱਕਲਿਆ ਤਾਂ ਮੌਸਮ ਸਾਫ ਨਹੀਂ ਸੀ ਤੇ ਮੀਂਹ ਪੈ ਰਿਹਾ ਸੀ। ਮੈਂ ਆਪਣੀ ਬਰਸਾਤੀ ਜੈਕੇਟ ਨਾਲ ਚੁੱਕੀ ਤੇ ਏਅਰਪੋਰਟ ਦਾ ਪੋਸਟਲ ਕੋਡ ਪਾ ਕੇ ਕਾਰ ਤੋਰ ਲਈ। ਪਰ ਇੱਥੇ ਮੇਰੇ ਨਾਲ ਉਹੀ ਕੁਝ ਹੋਇਆ ਜੋ ਹਰ ਦੂਜੇ ਪੰਜਾਬੀ ਨਾਲ ਅਕਸਰ ਹੁੰਦਾ ਹੈ ਕਿ ਜਦੋਂ ਜਾਣਾ ਜਲਦੀ ਹੋਵੇ ਤਾਂ ਪਹਿਲਾਂ ਤਾਂ ਮੌਸਮ ਦੀ ਤੰਗੀ ਤੇ ਦੂਜਾ ਉਸ ਦਿਨ ਨੈਵੀਗੇਸ਼ਨ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਔਖੇ-ਸੌਖੇ ਘੁੰਮ-ਘੁਮਾ ਕੇ ਏਅਰਪੋਰਟ ਪਹੁੰਚਣ ਵਿੱਚ ਸਫ਼ਲ ਹੋਇਆ ਅਤੇ ਕਾਰ ਪਾਰਕਿੰਗ 'ਚ ਲਾਉਣ ਤੋਂ ਬਾਅਦ ਭੱਜ ਕੇ ਏਅਰਪੋਰਟ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ, ਮੀਂਹ ਨਾਲ ਮੇਰੀ ਪੱਗ ਕਾਫ਼ੀ ਹੱਦ ਤੱਕ ਭਿੱਜ ਚੁੱਕੀ ਸੀ। ਤੰਗ ਹੋਏ ਨੇ ਮੈਂ ਸਾਰੀ ਭੜਾਸ ਇੰਗਲੈਂਡ ਦੇ ਮੌਸਮ 'ਤੇ ਲਾਹੀ। ਮੈਂ ਸੋਚਾਂ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਇੰਗਲੈਂਡ ਦਾ?