ਅਕਬਰ ਲਾ ਲੀਨਾ ਦਰਬਾਰ ਕੋ ਨਾਲੇ ਅਖਾਂ ਤੋਂ ਸਿਟਦਾ ਨੀਰ।
ਸਾਰੇ ਜਿਲੇ ਮੇਂ ਪੈਗੀ ਹਲਚਲੀ ਬੈਠ ਅਕਬਰ ਧਿਆਬੇ ਪੀਰ ।
ਨੰਗੀ ਤੇਗ ਤੇ ਬੀੜਾ ਪਾਨ ਦਾ ਕੋਈ ਚੱਕੇ ਜੋਧਾ ਬੀਰ।
ਐਨੀ ਸੁਣ ਕੇ ਮਿਰਜਾ ਉਠਿਆ ਨਜਾਮ ਦੀਨ ਸੀ ਓਹਦਾ ਬੀਰ।
ਗੱਜੇ ਦੋਮੇ ਸੂਰਮੇ ਦੁੱਲੇ ਦਾ ਸਿਟੀਏ ਪਾੜ ਸਰੀਰ।
ਰਾਜਾ ਦੁੱਲੇ ਨੂੰ ਲਿਆਏ ਬੰਨ੍ਹ ਕੇ ਗੱਡੀ ਧਰਤੀ ਕਰੀਏ ਲੀਰ ।
ਲਿਆਮਾਂ ਬੰਨ ਪਿੰਡੀ ਦੀਆਂ ਨਾਰੀਆਂ ਆਮਣ ਡੋਲੇ ਘਤ ਬਹੀਰ ।
ਤਾਂਹੀ ਮਿਰਜ਼ਾ ਨਜਾਮ ਦੀਨ ਜਾਣਨਾ ਚਕਾਂ ਪੜਦੇ ਕਰਦਿਆਂ ਲੀਰ ।
ਰਾਮ ਚੰਦਾ ਸੂਰਮੇ ਸਮਝਣਾ ਪਟਿਆ ਲੰਕਾ ਨੂੰ ਮਹਾਂਬੀਰ ॥੩੭ ॥
ਮਿਰਜਾ ਨਜਾਮ ਦੀਨ ਗੱਜ ਕੇ ਲਈ ਫ਼ੌਜਾਂ ਸੰਗ ਰਲਾ ।
ਲਏ ਹਾਥੀ ਘੋੜੇ ਕੁਲ ਨੇ ਤੋਪਾਂ ਲਈਆਂ ਮੂਰੇ ਲਾ ।
ਪੱਜੇ ਸ਼ੱਸਤਰ ਲਾਏ ਫੌਜ ਨੇ ਗੋਲੀ ਸਿੱਕਾ ਰਫਲ ਉਠਾ।
ਚੜ੍ਹਿਆ ਇਕ ਲਖ ਭਾਰੀ ਸੂਰਮੇ ਦਿਤੀ ਗਰਦ ਅਕਾਸ਼ ਚੜ੍ਹਾ ।
ਜਾ ਕੇ ਪਿੰਡੀ ਨੂੰ ਘੇਰਾ ਪਾ ਲਿਆ ਦਿਤੇ ਮਿਰਜੇ ਨੇ ਤੰਬੂ ਲਾ।
ਦਾਰੂ ਪਿਆਈ ਹਾਥੀਆਂ ਨੂੰ ਰਜਮੀ ਘੋੜੇ ਰਹੇ ਕੰਡਿਆਲ ਤੁੜਾ।
ਮਿਰਜੇ ਰਫਲਾਂ ਛਡੀਆਂ ਫੋਕੀਆਂ ਦਿਤੀ ਪਿੰਡੀ 'ਚ ਖ਼ਬਰ ਪੁਚਾ ॥ ੩੮ ॥
ਪਿੰਡੀ ਘੇਰੀ ਦੁੱਲੇ ਨੂੰ ਪਤਾ ਲਗਿਆ ਚੜ੍ਹ ਕੇ ਆ ਗਿਆ ਮਿਰਜਾ ਖਾਨ।
ਨਾਲੇ ਲਸ਼ਕਰ ਭਾਰੀ ਆ ਗਿਆ ਸੰਗ ਜ਼ਾਲਮ ਐਨ ਪਠਾਨ ।
ਦੁੱਲਾ ਕਾਜੀ ਕੋਲ ਹੈ ਆਮਦਾ ਮੀਆਂ ਛੇਤੀ ਖੋਲ ਕੁਰਾਨ।
ਮੀਆਂ ਹਾਰ ਤੇ ਜਿੱਤ ਮੈਨੂੰ ਦਸਣਾ ਕਾਜੀ ਦੱਸੀਂ ਸਚ ਬਿਆਨ ।
ਕਾਜੀ ਖੋਲ੍ਹ ਕੁਰਾਨ ਹੈ ਦਸਦਾ ਦੁਲਿਆ ਮੁਸ਼ਕਲ ਬਚਣੀ ਜਾਨ।
ਏ ਦਿਨ ਤਿੰਨ ਲੁਕ ਕੇ ਕੱਟ ਲੈ ਫੇਰ ਆ ਕਰ ਲੜੀਂ ਮਦਾਨ।
ਮਾੜਾ ਬਾਰਮਾ ਸਤਾਰਾ ਤੇਰੇ ਸੀਸ ਤੇ ਐਥੇ ਹੋਜਾ ਝੱਟ ਰਵਾਨ ।
ਸੁਣ ਕਾਜੀ ਦੀ ਦੁੱਲਾ ਮੁੜ ਪਿਆ ਲਗਿਆ ਘੋੜੇ ਤੇ ਕਾਠੀ ਪਾਨ।
ਮਾਤਾ ਲਦੀ ਨੂੰ ਪਤਾ ਜਾ ਲਗਿਆ ਦੁੱਲਾ ਲਗਿਆ ਨਾਨਕੀ ਜਾਨ ।