

29.
ਬਹੁੜੀ ਵੇ ਤਬੀਬਾ ਮੈਂਡੀ ਖ਼ਬਰ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਛੁੱਪ ਗਿਆ ਸੂਰਜ ਬਾਹਰ ਰਹਿ ਗਈਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇ ਵਿਖਾਲੀ,
ਮੈਂ ਭੁੱਲ ਗਈਆ ਤੇਰੇ ਨਾਲ ਨਾ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦਈਆ'।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣੀਆਂ ਦੇ ਗਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਏਸ ਇਸ਼ਕ ਦੀ ਬੰਗੀ ਵਿਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖ਼ਬਰ ਨਾ ਲਈਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਬੁਲ੍ਹਾ ਸ਼ਾਹ ਅਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਰੇ ਸੂਹੇ
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ।
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
' ਹਕੀਮਾਂ,
ਪਾਠਾਂਤਰ :ਮੈਂਡੀ ਜਿੰਦ ਗਈਆ
ਗਈ ਜਾਨ ਇਸ਼ਕ ਦੀ ਕੂਕੇਂਦਿਆਂ ਦੀਆ
' ਦੇਵਾਂ, ਮਾਰਾਂ, ' ਹਰੇ, ਲਾਲ
ਜਿਸ ਪਹਿਨਾਏ ਸਾਲੂ ਸੂਹੇ