

ਝਬ ਰੱਬ ਮੈਨੂੰ ਮਾਹੀ ਮੇਲੇ, ਮੈਂ ਏਸ ਫਿਕਰ ਵਿਚ ਗਲੀਆਂ।
ਤਾਂਘ ਮਾਹੀ ਦੀ ਜਲੀਆਂ।
ਅੱਧੀ ਰਾਤ ਲਟਕਦੇ ਤਾਰੇ, ਇਕ ਲਟਕੇ ਇਕ ਲਟਕਣਹਾਰੇ,
ਮੈਂ ਉੱਠ ਆਈ ਨਦੀ ਕਿਨਾਰੇ, ਹੁਣ ਪਾਰ ਲੰਘਣ ਨੂੰ ਖਲੀਆਂ।
ਤਾਂਘ ਮਾਹੀ ਦੀ ਜਲੀਆਂ।
ਮੈਂ ਮਨ-ਤਾਰੂ ਸਾਰ ਕੀ ਜਾਣਾਂ, ਵੰਝ ਚੱਪਾ ਨਾ ਤੁਲਾ ਪੁਰਾਨਾ,
ਘੁੰਮਣ ਘੇਰ ਨਾ ਟਾਂਗ ਟਿਕਾਣਾ, ਰੋ ਰੋ ਵਾਟਾਂ ਤਲੀਆਂ।
ਤਾਂਘ ਮਾਹੀ ਦੀ ਜਲੀਆਂ।
ਬੁਲ੍ਹਾ ਸ਼ੌਹ ਘਰ ਮੇਰੇ ਆਵੇ, ਹਾਰ ਸਿੰਗਾਰ ਮੇਰੇ ਮਨ ਭਾਵੇ,
ਮੂੰਹ ਮੁਕਟ ਮੱਥੇ ਤਿਲਕ ਲਗਾਵੇ, ਜੇ ਵੇਖੇ ਤਾਂ ਮੈਂ ਭਲੀਆਂ।
ਤਾਂਘ ਮਾਹੀ ਦੀ ਜਲੀਆਂ। ਨਿੱਤ ਕਾਗ ਉਡਾਵਾਂ ਖਲੀਆਂ।
43.
ਤੁਸੀਂ ਆਓ ਮਿਲੇ ਮੇਰੀ ਪਿਆਰੀ।
ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਰਲ ਕੇ ਟੋਰਨ ਆਈਆਂ, ਆਈਆਂ ਫੁੱਫੀਆਂ ਚਾਚੀਆਂ ਤਾਈਆਂ,
ਸੱਭੇ ਰੋਂਦੀਆਂ ਜਾਰੋ-ਜ਼ਾਰਾ, ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਆਖਣ ਇਹ ਗੱਲ ਜਾਣੀ, ਰਵੀ ਤੂੰ ਹਰ ਦਮ ਹੋ ਨਿਮਾਣੀ,
ਤਾਹੀਂ ਲੱਗੇਗੀ ਓਥੇ ਪਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
ਸੱਭੇ ਟੋਰ ਘਰਾਂ ਨੂੰ ਮੁੜੀਆਂ, ਮੈਂ ਹੋ ਇਕ ਇਕੱਲੜੀ ਟੁਰੀਆਂ,
ਹੋਈ ਆ ਡਾਰੋਂ ਮੈਂ ਕੂੰਜ ਨਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
ਬੁਲ੍ਹਾ ਸ਼ੌਹ ਮੇਰੇ ਘਰ ਆਵੇ, ਮੈਂ ਕੁਚੱਜੀ ਨੂੰ ਲੈ ਗਲ ਲਾਵੇ,
ਇਕੋ ਸ਼ੋਹ ਦੀ ਏ ਬਾਤ ਨਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ।
44.
ਤੁਸੀਂ ਕਰੋ ਅਸਾਡੀ ਕਾਰੀ।
ਕੇਹੀ ਹੋ ਗਈ ਵੇਦਨਾ ਭਾਰੀ।
ਉਹ ਘਰ ਮੇਰੇ ਵਿਚ ਆਇਆ, ਉਸ ਆ ਮੈਨੂੰ ਭਰਮਾਇਆ,
ਪੁੱਛੋ ਜਾਦੂ ਹੈ ਕਿ ਸਾਇਆ, ਉਸ ਤੋਂ ਲੋ ਹਕੀਕਤ ਸਾਰੀ।
ਤੁਸੀਂ ਕਰੋ ਅਸਾਡੀ ਕਾਰੀ।
ਓਹੋ ਦਿਲ ਮੇਰੇ ਵਿਚ ਵੱਸਦਾ, ਬੈਠਾ ਨਾਲ ਅਸਾਡੇ ਹੱਸਦਾ,
ਪੁੱਛਾਂ ਬਾਤਾਂ ਤੇ ਉੱਠ ਨੱਸਦਾ, ਲੈ ਬਾਜਾਂ ਵਾਂਙ ਉਡਾਰੀ।
ਤੁਸੀਂ ਕਰੋ ਅਸਾਡੀ ਕਾਰੀ।
· ਬੇੜੀ, ਜ਼ਾਰ ਜ਼ਾਰ, ਉੱਚੀ ਉੱਚੀ, ' ਕਸ਼ਟ।