

ਹੁਣ ਮੈਂ ਸਹੁ ਦਰਯਾਵੈਂ ਪਈਆਂ
ਠਾਠਾਂ ਲਹਰਾਂ ਦੇ ਮੂੰਹ ਆਈਆਂ
ਘੁੰਮਣ ਘੇਰਾਂ ਪਕੜ ਭਵਾਈਆਂ
ਉਪਰੋਂ ਬਰਖਾ ਰੈਣ ਅੰਧਾਰੀ
ਤੁਸੀਂ ਕਰੋ ਅਸਾਡੀ ਕਾਰੀ।
ਵੇ ਤੈਂ ਕੈਸੇ ਚੋਜ ਰਚਾਏ
ਤਾਰੇ ਖਾਰੀ ਹੇਠ ਲੁਕਾਏ
ਮੁੰਜ ਦੀ ਰੱਸੀ ਨਾਗ ਬਣਾਏ
ਤੇਰੇ ਸੇਹਰਾਂ ਤੋਂ ਬਲਿਹਾਰੀ
ਤੁਸੀਂ ਕਰੋ ਅਸਾਡੀ ਕਾਰੀ।
ਇਹ ਜੋ ਮੁਰਲੀ ਕਾਨ੍ਹ ਬਜਾਈ
ਮੇਰੇ ਦਿਲ ਨੂੰ ਚੇਟਕ ਲਾਈ
ਆਹੀ ਨਾਲੇ ਭਰਦੀ ਆਹੀਂ
ਮੈਂ ਰੋਵਾਂ ਜ਼ਾਰੇ ਜ਼ਾਰੀ
ਤੁਸੀਂ ਕਰੋ ਅਸਾਡੀ ਕਾਰੀ।
ਇਸ਼ਕ ਦਿਵਾਨੇ ਲੀਕਾਂ ਲਾਈਆਂ
ਇਸਨੇ ਘਣੀਆਂ ਸੱਥਾਂ ਪਾਈਆਂ
ਮੈਂ ਤਾਂ ਬੱਕਰੀ ਵੱਸ ਕਸਾਈਆਂ
ਸਹਮ ਹਮੇਸ਼ਾ ਬਿਪਤ ਨਿਆਰੀ
ਤੁਸੀਂ ਕਰੋ ਅਸਾਡੀ ਕਾਰੀ।
ਇਹੋ ਦਿਲ ਮੇਰੇ ਵਿਚ ਆਯਾ
ਇਸ ਨੇ ਮੈਨੂੰ ਕਿਉਂ ਭਰਮਾਯਾ
ਪੁਛਨੀਆਂ ਜਾਦੂ ਹੈ ਕਿ ਸਾਯਾ
ਇਸ ਤੋਂ ਲਵੋ ਹਕੀਕਤ ਸਾਰੀ
ਤੁਸੀਂ ਕਰੋ ਅਸਾਡੀ ਕਾਗੇ।
ਮੈਂ ਇਂਞਾਣੀ ਨੇਹੁੰ ਕੀ ਜਾਣਾ
ਇਹ ਕੀ ਕਰਦਾ ਲੋਕ ਧਿਙਾਣਾ
ਕਿਆ ਗੁਲ ਮੇਵਾ ਹੈ ਹਿੰਦਵਾਣਾ
ਕਿਆ ਕੋਈ ਦਾਰੂ ਵੈਦ ਪਸਾਰੀ
ਤੁਸੀਂ ਕਰੋ ਅਸਾਡੀ ਕਾਰੀ।
ਬੁਲ੍ਹਾ ਬਹੁ ਦੇ ਜੇ ਮੈਂ ਜਾਵਾਂ
ਆਪਣਾ ਸਿਰ ਧੜ ਫੇਰ ਨ ਪਾਵਾਂ
ਉਥੇ ਜਾਵਾਂ ਨਾ ਦੁਖ ਪਾਵਾਂ
ਭੈੜੀ ਐਵੇਂ ਉਮਰ ਗੁਜ਼ਾਰੀ
ਤੁਸੀਂ ਕਰੋ ਅਸਾਡੀ ਕਾਰੀ