ਮਨਸੂ - (ਕੁੱਪਾ ਫ਼ਰਸ ਉਤੇ ਟਕਾ ਕੇ) ਉਫ਼—ਫ਼—ਫ਼, ਚੰਦੀ ! ਕੋਠਾ ਨਿੱਘਾ ਏ । ਉਫ਼—ਫ਼-ਫ਼-ਚੰਦੀ ! ਵਿਚਾਰੀ ਉਡੀਕਦੀ ਉਡੀਕਦੀ ਸੌਂ ਗਈ ਹੋਵੇਗੀ । ਕਿੰਨੀ ਠਾਰੀ ਏ ! ਕੁੱਲੀ ਦੀਆਂ ਝੀਤਾਂ ਵਿਚੋਂ ਠੰਢ ਝਰ ਝਰ ਅੰਦਰ ਆਉਂਦੀ ਏ । ਅੱਜ ਤਾਂ ਮੈਂ ਤਿਲਕ ਈ ਪਿਆ ਸਾਂ -- ਤੇ ਖੂੰਡੀ ਵੀ ਘਰ ਈ ਭੁਲ ਗਿਆ ਸਾਂ। ਉਫ਼...ਫ਼....ਫ਼ । ਹੋ ਹੋ—ਹੋ ਭੇਰੂ ! (ਦੋ ਮੂੜ੍ਹਿਆਂ ਨੂੰ ਕੋਲ ਕੋਲ ਦੇਖ ਕੇ) ਦੋਵੇਂ ਬੈਠੇ ਗੱਪਾਂ ਮਾਰਦੇ ਹੋਣਗੇ । ਖ਼ੌਰੇ –ਦੋਵੇਂ ਅੰਦਰ ਹੋਣ । [ਅੰਦਰ ਜਾਂਦਾ ਹੈ ਤੇ ਮੁੜਦਾ ਹੈ]
ਏਥੇ ਤਾਂ ਕੋਈ ਵੀ ਨਹੀਂ । ਚੰਦੀ ! ਕਿਧਰ ਗਈ ? ਏਸ ਪਾਲੇ ਵਿਚ ਰਤਾ ਨਹੀਂ ਡਰਦੀ । ਉਪਰੋਂ ਏਡਾ ਪੋਹ ਉਤਰਿਆ ਏ ਤੇ ਅੰਤਾਂ ਦੀ ਬਰਫ਼ । ਤੇ ਦਿਉਤਾ ਕ੍ਰੋਧ ਵਿਚ ! ਤੇ ਉਹ ਖੌਰੇ ਕਿੱਥੇ ਚਲੀ ਗਈ । ਕੁਝ ਵੀ ਤੇ ਉਘ ਸੁਘ ਨਹੀਂ । ਖੌਰੇ ਸਾਨੂੰ ਈ ਟੋਲਣ ਗਈ ਹੋਵੇ । ਕੇਡਾ ਭਿਆਨਕ ਪੋਹ ਏ ! ਲਾਰਜੀ ਦੀ ਟੀਸੀ ਉਤੇ.... [ਬੂਹਾ ਲਾਹ ਕੇ ਭੇਰੂ ਅੰਦਰ ਵੜਦਾ ਹੈ]
ਭੇਰੂ - (ਬੂਹਾ ਜੜਦੇ ਹੋਏ) ਕਿਤੇ ਨਹੀਂ ਮਿਲਿਆ । ਇਤਨੀ ਦੂਰ ਗਿਆ ਮੈਂ । ਉੱਚੀ ਚੱਟਾਨ ਤੀਕ ਦੇਖ ਆਇਆ ਹਾਂ, ਪਰ ਚਾਚਾ ਕਿਤੇ ਨਾ ਮਿਲਿਆ । (ਬੰਦ ਬੂਹੇ ਨਾਲ ਢੋਹ ਲਾ ਕੇ) ਤੇ ਚੰਦੀ ਤੂੰ ਸੋਚਦੀ ਹੋਵੇਂਗੀ ਕਿ ਭੇਰੂ ਕਿਤੇ ਦੂਰ ਤੀਕਰ ਨਹੀਂ ਗਿਆ । ਮੈਂ ਤਾਂ.............ਪਰ....
ਮਨਸੂ - ਭੇਰੂ !