(ਉਸ ਦੀਆਂ ਨਜ਼ਰਾਂ ਬਾਸੀ ਤੇ ਉਦਾਸ ਹਨ) ਇਉਂ ਨਿਤ ਆਥਣ ਦੀ ਉਡੀਕ, ਨਿਤ ਉਡੀਕ….. ਹੁਣ ਜਦੋਂ ਕਿ ਮੈਂ ਸਾਰਾ ਕੰਮ ਨਬੇੜ ਚੁਕੀ ਆਂ, ਵਕਤ ਮੁਕਣ ਵਿਚ ਹੀ ਨਹੀਂ ਆਉਂਦਾ । ਪਤਾ ਨਹੀਂ ਦੋਵੇਂ ਕਦੋਂ ਆਉਣਗੇ ? ਦੇਗਚੀ ਮਾਂਜ ਚੁੱਕੀ, ਰੋਟੀ ਪਕਾ ਲਈ, ਬਾਪੂ ਦੀ ਗੋਦੜੀ ਸਿਉਂ ਲਈ । ਹੋਰ ਕੀ ਰਹਿੰਦਾ ਏ ?......ਹਾਂ ਸਚ, ਭੇਡ ਨੂੰ ਦੁਆਈ ਪਿਲਾਣੀ ਏ । ਇਸ ਪਿਛੋਂ ਕੋਈ ਕੰਮ ਨਹੀਂ ।
[ਬੂਹੇ ਉਤੇ ਠੱਠ ਠੱਕ ।
ਸ਼ੈਤ ! (ਉਸ ਦਾ ਚਿਹਰਾ ਇਕ ਮਧਮ ਕਿਰਣ ਨਾਲ ਜਿਉ ਉਠਦਾ ਹੈ) ਖ਼ੌਰੇ......
[ਉਠ ਕੇ ਬੂਹਾ ਲਾਹੁੰਦੀ ਹੈ । ਇਕ ਨੌਜੁਆਨ ਥੱਕਿਆ ਕੁੰਗੜਿਆ ਅੰਦਰ ਵੜਦਾ ਹੈ ।
ਨੌਜੁਆਨ - ਉਫ........ਫ.......ਫ....!
ਚੰਦੀ - ਤੂੰ ....?
ਨੌਜੁਆਨ - ਹਾਂ..... ਮੈਂ ਡਾਕ ਬੰਗਲੇ ਵਿਚ ਠਹਿਰਨਾ ਚਾਹੁੰਦਾ ਆਂ । ਚੌਕੀਦਾਰ ਕਿੱਥੇ ਏ ?
ਚੰਦੀ - ਗਾਂ ਚੋਣ ਗਿਆ ਏ ।
ਨੌਜੁਆਨ - ਕਿੰਨੀ ਠਾਰੀ ਏ ਬਾਹਰ ! ਮੈਨੂੰ ਰਾਹ ਵਿਚ ਈ ਬਰਫ਼ ਨੇ ਘੇਰ ਲਿਆ।
ਚੰਦੀ - ਅੱਗ ਸੇਕ ਲੈ । ਲਿਆ ਮੈਂ ਤੇਰਾ ਕੋਟ ਸੁਕਣੇ ਪਾ ਦਿਆਂ ।
ਨੌਜੁਆਨ - ਨਹੀਂ......ਨਹੀਂ ।
[ਉਹ ਕੋਟ ਲਾਹ ਕੇ ਏਧਰ ਓਧਰ ਤੱਕਦਾ ਹੈ, ਤੇ ਫਿਰ ਮੰਜੀ ਦੀ ਉਧੜੀ ਦੌਣ ਉਤੇ ਰੱਖ ਦੇਂਦਾ ਹੈ ।