ਕਿਸਾਨਾਂ ਨੇ ਮਹਿਸੂਸ ਕੀਤਾ ਕਿ ਦੇਸਾਈ ਜੀ ਦੁਆਰਾ ਵਿਕਸਤ ਕੀਤੇ ਗਏ ਸਿੰਜਾਈ ਦੇ ਨਵੇਂ ਤਰੀਕੇ ਸਦਕਾ ਪਾਣੀ ਨਾ ਤਾਂ ਪੌਦਿਆਂ ਦੀਆਂ ਜੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਨਾ ਹੀ ਭੂਮੀ ਦੀ ਬਣਤਰ ਨੂੰ ਖਰਾਬ ਕਰਦਾ ਹੈ। ਹਾਲਾਂਕਿ ਭੂਮੀ ਵਿੱਚ ਗੰਡੋਇਆਂ ਦੀ ਸੰਖਿਆ ਵਧਣ ਨਾਲ ਮਿੱਟੀ ਦੀ ਨਮੀ ਸੰਭਾਲਣ ਦੀ ਸਮਰਥਾ ਅਤੇ ਭੂਮੀ ਵਿੱਚ ਹਵਾ ਦੀ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੁੰਦਾ ਹੈ।
ਦੇਸਾਈ ਜੀ ਨੇ ਭੂਮੀ ਵਿੱਚੋਂ, ਵਾਧੇ ਪਏ ਪੌਦਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਪੋਸ਼ਕ ਤੱਤਾਂ ਦੀ ਉਪਲਭਧਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪ੍ਰਕਾਰ ਦੇ ਜੈਵਿਕ ਪਦਾਰਥਾ ਅਤੇ ਜੀਵਾਣੂ ਕਲਚਰ ਵੀ ਖੋਜੇ ਹਨ। ਮਿਸਾਲ ਦੇ ਤੌਰ 'ਤੇ ਉਹਨਾਂ ਨੇ ਭੂਮੀ ਵਿੱਚ ਜੈਵਿਕ ਗਤੀਵਿਧੀਆਂ ਵਿੱਚ ਵਾਧਾ ਕਰਨ ਲਈ ਫਸਲ ਨੂੰ ਪਾਣੀ ਨਾਲ ਗੁੜ ਜਲ ਅੰਮ੍ਰਿਤ ਦੇਣ ਦੀ ਸ਼ੁਰੂਆਤ ਕੀਤੀ। ਉਹ ਗੰਨੇ ਵਿੱਚ ਹਰੀ ਖਾਦ ਵੀ ਉਗਾਉਂਦੇ ਹਨ। ਜਿਸਨੂੰ ਉਹਨਾਂ ਨੇ ਅਰੋਗਰੀਨ ਦਾ ਨਾਮ ਦਿੱਤਾ ਹੈ ਜਿਹੜੀਆ ਕਿ ਗੰਨੇ ਦੀ ਫਸਲ ਨਾਲ ਸਹਿਜੀਵੀ ਰਿਸ਼ਤਾ ਰੱਖਦੀਆਂ ਹਨ ਜਿਵੇਂ ਕਿ ਮੂੰਗੀ। ਜਿੱਥੇ ਮੂੰਗੀ ਇੱਕ ਪਾਸੇ ਗੰਨੇ ਦੀ ਫਸਲ ਨੂੰ ਹਵਾ ਵਿੱਚੋਂ ਨਾਈਟਰੋਜਨ ਉਪਲਭਧ ਕਰਾਉਂਦੀ ਹੈ ਉੱਥੇ ਹੀ ਭੂਮੀ ਉੱਤੇ ਜਾਂ ਪਾਣੀ ਦੀਆਂ ਖਾਲੀਆਂ ਵਿੱਚ ਡਿੱਗਣ ਵਾਲੇ ਮੂੰਗੀ ਦੇ ਪੱਤੇ ਗਲਣ ਉਪਰੰਤ ਗੰਨੇ ਦੀ ਫਸਲ ਨੂੰ ਕੁਦਰਤੀ ਖਾਦ ਪ੍ਰਦਾਨ ਕਰਦੇ ਹਨ। ਉਹ ਫਸਲ ਅਤੇ ਮਲਚਿੰਗ ਦੋਹਾਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਗੰਨੇ ਵਿੱਚ ਸੋਇਆਬੀਨ ਵੀ ਉਗਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗੰਨੇ ਵਿੱਚ ਥੋੜੀ ਮਾਤਰਾ ਵਿੱਚ ਅਜਿਹੀਆਂ ਫਸਲਾਂ ਉਗਾਉਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਪੌਦਿਆਂ ਨੂੰ ਪੇਸ਼ਕ ਤੱਤਾਂ ਦੀ ਘਾਟ ਨਹੀਂ ਆਉਂਦੀ। ਇਸਦੇ ਨਾਲ ਹੀ ਖੇਤ ਵਿੱਚ ਗੰਡੋਇਆ ਅਤੇ ਲਾਭਕਾਰੀ ਉੱਲੀਆਂ ਦੇ ਵਾਧੇ ਲਈ ਅਨੁਕੂਲ ਸੂਖਮ ਵਾਤਾਵਰਨ ਵੀ ਤਿਆਰ ਹੁੰਦਾ ਹੈ।
ਦੇਸਾਈ ਜੀ ਨੇ ਦੇਖਿਆ ਕਿ ਇੱਕ ਖਾਸ ਵਾਤਾਵਰਨ ਵਿੱਚ ਉੱਗਣ ਅਤੇ ਪਾਣੀ ਦੇ ਸੁਚੱਜੇ ਪ੍ਰਬੰਧਨ ਅਤੇ ਰਿਸ਼ਟ-ਪੁਸ਼ਟ ਜੜ੍ਹਾਂ ਸਦਕੇ ਉਹਨਾਂ ਨੂੰ ਗੰਨੇ ਦੀ ਫਸਲ ਉੱਤੇ ਕੀਟਾਂ ਜਾਂ ਹਾਨੀਕਾਰਕ ਉੱਲੀਆਂ ਦੇ ਹਮਲੇ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਕੀੜੇਮਾਰ ਜ਼ਹਿਰ ਦੀ ਵਰਤੋਂ ਨਹੀਂ ਕਰਨੀ ਪਈ। ਕਿਉਂਕਿ ਤੰਦਰੁਸਤ ਪੌਦੇ ਉੱਤੇ ਕੀਟਾਂ ਦੀ ਹਮਲੇ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੀ ਰਹਿ ਜਾਂਦੀ ਹੈ । ਦੇਸਾਈ ਜੀ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਬਜਾਏ ਉਸ ਨਾਲ ਖੇਤਾਂ ਵਿੱਚ ਮਲਚਿੰਗ ਕਰਦੇ ਹਨ
ਉਸ਼ਣ ਖੇਤਰਾਂ ਵਿੱਚ ਫਸਲ ਦੀ ਰਹਿੰਦ-ਖੂੰਹਦ ਜਲਾਉਣਾ ਬਹੁਤ ਹੀ ਤਬਾਹਕੁੰਨ ਕਾਰਜ ਹੈ। ਕਿਉਂਕਿ ਆਮ ਤੌਰ 'ਤੇ ਗਰਮ ਦੇਸ਼ਾਂ ਦੀਆਂ ਜ਼ਮੀਨਾਂ ਵਿੱਚ ਜੈਵਿਕ ਮਾਦੇ ਦੀ ਪਹਿਲਾਂ ਹੀ ਬਹੁਤ ਘਾਟ ਹੈ। ਕੋਈ ਵੀ ਸੰਵੇਦਨਸ਼ੀਲ ਕਿਸਾਨ ਜਾਂ ਖੇਤੀ ਵਿਗਿਆਨੀ ਕਿਸੇ ਨੂੰ ਨਾੜ ਸਾੜਨ ਦੀ ਸਲਾਹ ਨਹੀਂ ਦੇ ਸਕਦਾ। ਹਾਲਾਂਕਿ ਅੱਜ ਬਹੁਗਿਣਤੀ ਖੇਤੀ ਵਿਗਿਆਨੀ ਸਿਥੇਟਿਕ ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾ ਬਣਾ ਕੇ ਵੇਚਣ ਵਾਲੀਆਂ ਕੰਪਨੀਆਂ ਦੇ ਤੀਰ-ਅਧਿਕਾਰਕ ਏਜੰਟਾਂ ਦੇ ਤੌਰ 'ਤੇ ਇਹ ਪ੍ਰਚਾਰ ਕਰਨ 'ਚ ਲੱਗ ਹੋਏ ਹਨ ਕਿ ਕੀੜੇਮਾਰ ਜ਼ਹਿਰ ਅਤੇ ਰਸਾਇਣਕ ਖਾਦਾਂ ਨਾਲ ਫਸਲਾਂ ਖੁਸ਼ੀ-ਖੁਸ਼ੀ ਵਿਕਾਸ ਕਰਦੀਆਂ ਹਨ। ਉਹਨਾਂ ਨੇ ਭੂਮੀ ਵਿੱਚ ਜੈਵਿਕ ਮਾਦੇ ਜਾਂ ਮੱਲੜ ਦੀ ਮਹੱਤਤਾ ਅਤੇ ਲੋੜ ਪ੍ਰਤੀ ਬਹੁਤ ਲਾਪਰਵਾਹ ਤੇ ਜਲਿਮ ਰਵੱਈਆ ਅਪਣਾ ਰੱਖਿਆ ਹੈ। ਉਹਨਾਂ ਵਿੱਚ ਬਹੁਤਿਆ ਦਾ ਮੰਨਣਾ ਹੈ ਕਿ ਭੂਮੀ ਵਿੱਚ ਮੱਲੜ ਜਾਂ ਜੈਵਿਕ ਮਾਦੇ ਦੀ ਮਾਤਰਾ ਬਣਾਈ ਰੱਖਣ ਲਈ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ।