- ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ 'ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ । ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
- ਆਮ ਤੌਰ 'ਤੇ ਜਿਵੇਂ ਕਣਕ ਅਤੇ ਛੋਲਿਆਂ ਦੀ ਬਿਜਾਈ ਲਈ ਖੇਤ ਤਿਆਰ ਕੀਤਾ ਜਾਂਦਾ ਹੈ, ਖੇਤ ਤਿਆਰ ਕਰ ਲਉ। 15 ਨਵੰਬਰ ਤੋਂ ਪਹਿਲਾਂ ਖੇਤ ਬਿਜਾਈ ਲਈ ਤਿਆਰ ਹੋ ਜਾਣਾ ਚਾਹੀਦਾ ਹੈ । ਰੌਣੀ ਕਰਦੇ ਸਮੇਂ 50 ਲਿਟਰ ਪਸ਼ੂ-ਮੂਤਰ ਖੇਤ ਵਿੱਚ ਪਾਉ।
- ਤਿਆਰ ਖੇਤ ਵਿੱਚ ਆਮ ਤੌਰ 'ਤੇ ਵਰਤੀ ਜਾਣ ਵਾਲੀ 11 ਪੋਰਾਂ ਵਾਲੀ ਸੀਡ ਡ੍ਰਿਲ ਜਿਸਦੀ ਪੋਰ-ਤੋਂ ਪੋਰ ਵਿਚਲੀ ਦੂਰੀ 7 ਇੰਚ ਹੁੰਦੀ ਹੈ ਨਾਲ ਕਣਕ ਦੀ ਬਿਜਾਈ ਕਰੋ । ਧਿਆਨ ਰਹੇ ਕਣਕ/ਛੋਲਿਆਂ ਦੋਹਾਂ ਲਈ ਲਾਈਨ ਤੋਂ ਲਾਈਨ ਵਿਚਲਾ ਫਾਸਲਾ 12 ਇੰਚ ਰੱਖਿਆ ਜਾਵੇਗਾ ਅਤੇ ਹਰੇਕ ਛੇ ਲਾਈਨਾਂ ਕਣਕ ਬਾਅਦ 2 ਲਾਈਨਾਂ ਛੇਲੇ ਬੀਜੇ ਜਾਣਗੇ। ਇਸੇ ਤਰ੍ਹਾਂ ਪੌਦੇ ਤੋਂ ਪੌਦੇ ਵਿਚਲੀ ਦੂਰੀ 8 ਇੰਚ ਰੱਖੀ ਜਾਵੇਗੀ। ਬਿਜਾਈ ਦੇ ਸਮੇਂ ਮਸ਼ੀਨ ਵਿੱਚ ਹੇਠ ਲਿਖੇ ਬਦਲਾਅ ਕਰੋ:
(ੳ) ਸਾਰੇ ਪੋਰ ਲਾਈਨ ਤੋਂ ਲਾਈਨ ਇੱਕ ਫੁੱਟ ਦੀ ਦੂਰੀ ਦੇ ਹਿਸਾਬ ਨਾਲ ਐਡਜਸਟ ਕਰੋ। ਜੇ ਲੋੜ ਪਏ ਤਾਂ ਵਾਧੂ ਫਾਲੇ ਹਟਾ ਦਿਉ ।
(ਅ) ਬੀਜ ਦੀ ਮਾਤਰਾ ਘਟਾ ਕੇ ਕਣਕ 20 ਕਿੱਲੋ ਅਤੇ ਛੋਲੇ 8 ਕਿੱਲੋ ਪ੍ਰਤੀ ਏਕੜ ਕਰ ਦਿਉ।
(ੲ) ਬੀਜ ਵਾਲੇ ਖਾਂਚਿਆਂ ਵਿੱਚ ਇਸ ਤਰ੍ਹਾਂ ਬਦਲਾਅ ਲਿਆਉ ਕਿ ਦੋਹਾਂ ਸਿਰਿਆਂ ਵਾਲੇ ਖਾਂਚਿਆਂ ਵਿੱਚ ਛੋਲਿਆਂ ਦਾ ਬੀਜ ਪਾਇਆ ਜਾਵੇ।
(ਸ) ਮਸ਼ੀਨ ਦੇ ਹਰੇਕ ਦੋ ਫਾਲਿਆ ਵਿਚਕਾਰ ਲੋਹੇ ਦਾ ਇੱਕ ਭਾਰਾ ਸੰਗਲ ਬੰਨ੍ਹਿਆ ਜਾਵੇ । ਇਸ ਤਰ੍ਹਾਂ ਕਰਨ ਨਾਲ ਹਰੇਕ ਦੋ ਲਾਈਨਾਂ ਵਿਚਾਲੇ ਇੱਕ ਹਲਕੀ ਜਿਹੀ ਖਾਲੀ ਬਣ ਜਾਵੇਗੀ।
- ਛੇ ਲਾਈਨਾਂ ਕਣਕ ਅਤੇ 2 ਲਾਈਨਾਂ ਛੋਲੇ ਬੀਜੋ । ਚਨੇ ਦੇ ਬੀਜ ਵਿੱਚ ਹਰੇਕ ਇੱਕ ਕਿੱਲ ਪਿੱਛੇ 50 ਗ੍ਰਾਮ ਧਨੀਏ ਦਾ ਬੀਜ ਮਿਲਾਉ । ਧਨੀਆਂ ਕੀੜਿਆਂ ਨੂੰ ਭਜਾਉਣ ਦਾ ਕੰਮ ਕਰੇਗਾ।
- ਪਲਾਟ ਦੇ ਚਾਰੇ ਪਾਸੇ ਇੱਕ-ਇੱਕ ਲਾਈਨ ਸਰੋ ਅਤੇ ਅਲਸੀ ਬਾਰਡਰ ਕਮ ਟਰੈਪ ਕਰਾਪ ਵਜੋਂ ਬੀਜੀ ਜਾਵੇ । ਇਹ ਕੁੱਝ ਕੀੜਿਆਂ ਨੂੰ ਟਰੈਪ ਕਰਨ ਤੁਹਾਡੀਆਂ ਸਹਾਇਕ ਬਣਨਗੀਆਂ।
- ਬਿਜਾਈ ਤੋਂ ਤੁਰੰਤ ਬਾਅਦ ਖੇਤ ਚੋਂ ਬਾਹਰ ਲਿਜਾਇਆ ਗਿਆ ਸਾਰਾ ਬਾਇਉਮਾਸ ਵਾਪਸ ਖੇਤ ਵਿੱਚ ਇੱਕੋ ਜਿਹਾ ਵਿਛਾ ਦਿਉ। ਜੇਕਰ ਲੋੜ ਪਏ ਤਾਂ ਚੰਗੇਰੇ ਫੁਟਾਰੇ ਲਈ ਸਿੰਜਾਈ ਕਰੋ। ਨੋਟ ਸਿੰਜਾਈ ਸਮੇਂ ਪ੍ਰਤੀ ਏਕੜ 50 ਲਿਟਰ ਪਸ਼ੂ-ਮੂਤਰ ਪਾਉਣਾ ਨਾ ਭੁੱਲੋ । ਹਰੇਕ ਸਿੰਜਾਈ ਸਮੇਂ ਫ਼ਸਲ ਨੂੰ ਪਸ਼ੂ-ਮੂਤਰ ਦੇਣਾ ਲਾਜ਼ਮੀ ਹੈ।
ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।
- ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ: ਜਦੋਂ ਫਸਲ 30 ਦਿਨਾਂ ਦੀ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ (ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾਂ ਜਦੋਂ ਫ਼ਸਲ 55 ਦਿਨਾਂ ਦੀ ਹੋ ਜਾਵੇ ਅਰਥਾਤ ਫਲਾਵਰਿੰਗ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।