ਅਪੈਂਡਿਕਸ 1
ਖੜੇ ਝੋਨੇ, ਗੁਆਰੇ ਅਤੇ ਕਣਕ ਵਿੱਚ ਛਿੱਟਾ ਦੇਣ ਲਈ ਔਰੋਗਰੀਨ:
ੳ) ਅੱਗੇ ਦਿੱਤੇ ਅਨੁਸਾਰ ਦੋ ਦਲ ਫ਼ਸਲਾਂ ਦੇ 6 ਕਿੱਲੋ ਬੀਜ ਲਉ: ਮੂੰਗੀ, ਚੌਲੇ, ਮਾਂਹ, ਗੁਆਰਾ, ਢੈਂਚਾ ਆਦਿ ਇੱਕ-ਇੱਕ ਕਿੱਲੋ ਹਰੇਕ।
ਅ) ਸਾਰੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰ ਕੇ ਵਿੱਚ 2-2 ਸੌ ਗ੍ਰਾਮ ਸੌਂਫ, ਅਜਵਾਈਨ ਅਤੇ ਸਾਵੇ ਦੇ ਬੀਜ ਵੀ ਪਾਉ।
ੲ) ਸਾਰੇ ਬੀਜਾਂ ਨੂੰ ਚਾਰ ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖੋ।
ਸ) ਹੁਣ ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਛਾਂ ਵਿੱਚ ਇੱਕ ਖੱਦਰ ਦੇ ਗੱਟੇ ਤੇ ਵਿਛਾ ਦਿਉ।
ਹ) ਬੀਜਾਂ ਉੱਤੇ ਲੱਕੜੀ ਜਾਂ ਪਾਥੀਆਂ ਦੀ ਅੱਧਾ ਕਿੱਲੋ ਸਵਾਹ ਧੂੜ ਦਿਉ। ਹੁਣ ਖੇਤ ਵਿੱਚ ਛਿੱਟਾ ਦੇਣ ਲਈ ਬੀਜ ਤਿਆਰ ਹਨ।
ਮਹੱਤਵਪੂਰਨ: ਝੋਨੇ, ਗੁਆਰ ਜਾਂ ਕਣਕ ਦੀ ਕਟਾਈ ਤੋਂ ਇੱਕ ਮਹੀਨਾਂ ਪਹਿਲਾਂ ਖੜੀ ਫ਼ਸਲ ਵਿੱਚ ਬੀਜਾਂ ਦਾ ਛਿੱਟਾ ਦੇਣਾ ਹੈ। ਫ਼ਸਲ ਵਿੱਚ ਔਰੋਗਰੀਨ ਬੀਜਾਂ ਦਾ ਛਿੱਟਾ ਫ਼ਸਲ ਨੂੰ ਆਖਰੀ ਪਾਣੀ ਲਾਉਣ ਤੁਰੰਤ ਪਹਿਲਾਂ ਦੇਣਾ ਹੈ। ਜਿਵੇਂ ਗੁਆਰੇ ਅਤੇ ਝੋਨੇ ਵਿੱਚ ਸਤੰਬਰ 'ਚ ਅਤੇ ਕਣਕ ਵਿੱਚ ਮਾਰਚ 'ਚ।
ਅਪੈਂਡਿਕਸ 2
ਨਾਈਟਰੋਜ਼ਨ ਦੇ ਸੋਮੇ ਵਜੋਂ ਪਸ਼ੂ-ਮੂਤਰ ਦੀ ਵਰਤੋਂ:
ਪਸ਼ੂ-ਮੂਤਰ ਵਿੱਚ 4% ਤੱਕ ਨਾਈਟਰੋਜ਼ਨ, 1 % ਤੱਕ ਫਾਸਫੋਰਸ ਅਤੇ 2% ਤੱਕ ਪੋਟਾਸ਼ ਹੋ ਸਕਦੀ ਹੈ। ਇਸਦਾ ਪੀ ਐਚ ਆਮਤੌਰ 'ਤੇ 7 ਹੁੰਦਾ ਹੈ। ਇਹ ਫ਼ਸਲਾਂ ਨੂੰ ਪੋਸ਼ਕ ਤੱਤ ਦੇਣ ਲਈ ਵੱਡੇ ਪੱਧਰ 'ਤੇ ਵਰਤਿਆ ਜਾਣ ਵਾਲਾ ਕੁਦਰਤੀ ਸੋਮਾ ਹੈ । ਹੇਠ ਲਿਖੇ ਤਰੀਕੇ ਨਾਲ ਇਸ ਨੂੰ ਵਧੇਰੇ ਤੇਜ ਕੀਤਾ ਜਾ ਸਕਦਾ ਹੈ:
ੳ) ਜਿੰਨਾ ਹੋ ਸਕੇ ਵਧ ਤੋਂ ਵਧ ਪਿਸ਼ਾਬ ਇਕੱਠਾ ਕਰੋ । ਨੋਟ: ਇੱਕ ਚੰਗੇ ਕਿਸਾਨ ਕੋਲੇ ਹਰ ਸਮੇਂ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟੋ-ਘੱਟ 50 ਲਿਟਰ ਪਸ਼ੂ-ਮੂਤਰ ਉਪਲਭਧ ਰਹਿਣਾ ਚਾਹੀਦਾ ਹੈ। ਜਿਵੇਂ ਕਿ ਪੰਜ ਏਕੜ ਵਾਲੇ ਕਿਸਾਨ ਕੋਲੇ ਹਰ ਵੇਲੇ 250 ਲਿਟਰ ਪਸ਼ੂ-ਮੂਤਰ ਜ਼ਰੂਰ ਸਟੋਰ ਕੀਤਾ ਹੋਣਾ ਚਾਹੀਦਾ ਹੈ ।
ਅ) ਸਿੰਜਾਈ ਲਈ 50 ਲਿਟਰ ਪਸ਼ੂ-ਮੂਤਰ ਖੇਤ ਲੈ ਕੇ ਜਾਉ।
ੲ) ਟੂਟੀ ਲੱਗੇ 20 ਲਿਟਰ ਵਾਲੇ ਪਲਾਸਟਿਕ ਦੇ ਕੈਨ ਵਿੱਚ ਪਸ਼ੂ-ਮੂਤਰ ਭਰ ਦਿਉ।
ਸ) ਹੁਣ ਪਸ਼-ਮੂਤਰ ਭਰੇ ਇਸ ਕੈਨ ਨੂੰ ਉਸ ਥਾਂ ਰੱਖੋ ਜਿਥੋਂ ਖੇਤ ਵਿੱਚ ਪਾਣੀ ਅੰਦਰ ਜਾ ਰਿਹਾ ਹੋਵੇ । ਹੁਣ ਕੈਨ ਦੀ ਟੂਟੀ ਉਸ ਹਿਸਾਬ ਨਾਲ ਖੋਲ੍ਹੋ ਕਿ ਸਿੰਜਾਈ ਦੇ ਨਾਲ-ਨਾਲ ਪਸ਼ੂ-ਮੂਤਰ ਵੀ ਸਮਾਨ ਮਾਤਰਾ 'ਚ ਖੇਤ ਜਾਂਦਾ ਰਹੇ।
ਨੋਟ: ਹਰੇਕ ਸਿੰਜਾਈ ਨਾਲ 50 ਲਿਟਰ ਤੱਕ ਪਸ਼ੂ-ਮੂਤਰ ਖੇਤ ਨੂੰ ਦੇਣਾ ਹੈ।
ਸਾਵਧਾਨੀ: ਉੱਪਰ ਸੁਝਾਇਆ ਤਰੀਕਾ ਜ਼ਮੀਨ ਕੇਂਦਰਤ ਹੈ। ਇਸਨੂੰ ਪਾਣੀ ਮਿਲਾ ਕੇ ਫ਼ਸਲ 'ਤੇ ਵੀ ਛਿੜਕਿਆ ਜਾ ਸਕਦਾ ਹੈ। (15 ਲਿਟਰ ਪਾਣੀ ਵਿੱਚ 5 ਲਿਟਰ ਪਸ਼ੂ-ਮੂਤਰ ਮਿਲਾ ਕੇ ਸਪ੍ਰੇਅ ਕੀਤੀ ਜਾ ਸਕਦੀ ਹੈ) ਇਕੱਲੇ ਪਸ਼ੂ ਮੂਤਰ ਦੀ ਸਪ੍ਰੇਅ ਪੱਤਿਆਂ ਨੂੰ ਜਲਾ ਸਕਦੀ ਹੈ ।