ਨਿੰਮ ਦੇ ਬੀਜਾਂ ਦੀ ਗੁਠਲੀ ਦੇ ਪਾਊਡਰ ਦੇ ਲਾਭ:
- ਇਹ ਸੁੰਡੀਆਂ ਦੇ ਅੰਡਿਆਂ ਦੀ ਜਨਣ ਸ਼ਕਤੀ ਨੂੰ ਖਤਮ ਕਰਦਾ ਹੈ। ਇੰਨਾ ਹੀ ਨਹੀਂ ਇਹ ਲਾਰਵਿਆਂ ਦੀ ਪਾਚਨ ਕਿਰਿਆ ਨੂੰ ਖਰਾਬ ਕਰ ਦਿੰਦਾ ਹੈ। ਸਿੱਟੇ ਵਜੋਂ ਉਹ ਫਸਲ ਦੇ ਪੱਤਿਆਂ ਨੂੰ ਖਾਣ ਤੋਂ ਗੁਰੇਜ ਕਰਦੇ ਹਨ।
- ਨਿੰਮ 'ਚ ਮੌਜੂਦ ਅਜਾਡਿਰੈਕਟਿਨ ਰਸਾਇਣ ਕਾਰਨ ਕੀਟਾਂ ਦਾ ਜੀਵਨ ਚੱਕਰ ਪ੍ਰਭਾਵਿਤ ਕਰਦਾ ਹੈ। ਇਹਦੇ ਅਸਰ ਕਾਰਨ ਕੀਟ ਅੰਡੇ, ਲਾਰਵੇ ਜਾਂ ਪਿਊਪੇ ਦੀ ਅਵਸਥਾ ਵਿੱਚ ਹੀ ਮਰ ਜਾਂਦੇ ਹਨ।
- ਨਿੰਮ 'ਚ ਮੌਜੂਦ ਲੇਮੇਨਾਈਡਸ ਫਸਲ ਨੂੰ ਤੰਦਰੁਸਤੀ ਬਖਸਦਾ ਹੈ।
ਨਿੰਮ੍ਹ ਦੇ ਹੋਰ ਉਤਪਾਦ
ਨਿੰਮ੍ਹ ਦਾ ਤੇਲ: ਨਿੰਮ੍ਹ ਦਾ ਸ਼ੁੱਧ ਤੇਲ ਬਹੁਤ ਹੀ ਪ੍ਰਭਾਵੀ ਕੀਟਨਾਸ਼ਕ ਹੈ । ਇਹ ਮੁੱਖ ਤੌਰ 'ਤੇ ਰਸ ਚੂਸਣ ਵਾਲੇ ਕੀਟਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਂਦਾ ਹੈ। ਲਿਟਰ ਨਿੰਮ੍ਹ ਦੇ ਤੇਲ ਨੂੰ 100 ਲਿਟਰ ਪਾਣੀ ਵਿੱਚ 500 ਗ੍ਰਾਮ ਰੀਠਾ ਪਾਊਡਰ ਦੀ ਸਹਾਇਤਾ ਨਾਲ ਘੋਲ ਕੇ ਇੱਕ ਏਕੜ ਫਸਲ 'ਤੇ ਆਥਣ ਵੇਲੇ ਛਿੜਕੋ। ਲੋੜ ਮੁਤਾਬਿਕ 2-3 ਵਾਰ ਇਸ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਨਿੰਮ੍ਹ ਦੀ ਖਲ੍ਹ: ਇਹਦੇ ਵਿੱਚ 5.2 ਤੋਂ 5.3 ਫੀਸਦੀ ਤੱਕ ਨਾਈਟਰੋਜਨ, 1.1 ਫੀਸਦੀ ਫਾਸਫੋਰਸ ਅਤੇ 1.1 ਫੀਸਦੀ ਪੋਟਾਸ਼ ਪਾਈ ਜਾਂਦੀ ਹੈ। ਇਹ ਜਮੀਨ ਵਿਚ ਪਨਪਣ ਵਾਲੇ ਹਾਨੀਕਾਰਕ ਜੀਵਾਂ ਜਿਵੇਂ ਕਿ ਨਿੰਮੋਟੇਡਸ ਅਤੇ ਜੜ੍ਹ ਦੇ ਕੀਟਾਂ ਨੂੰ ਖਤਮ ਕਰਦਾ ਹੈ। ਸੋ ਫਸਲ ਦੀ ਬਿਜਾਈ ਤੋਂ ਪਹਿਲਾਂ ਵਹਾਈ ਦੌਰਾਨ ਪ੍ਰਤੀ ਏਕੜ ਇੱਕ ਤੋਂ 2 ਕੁਇੰਟਲ ਨਿੰਮ੍ਹ ਦੀ ਖਲ੍ਹ ਪਾਉਣ ਨਾਲ ਜ਼ਿਕਰਯੋਗ ਲਾਭ ਹੁੰਦਾ ਹੈ।
ਨਿੰਮ੍ਹ ਦੇ ਬੀਜ ਇਕੱਠੇ ਕਰਨ ਦਾ ਤਰੀਕਾ: ਨਿੰਮ ਦੇ ਪੱਕ ਕੇ ਜ਼ਮੀਨ 'ਤੇ ਡਿੱਗੇ ਹੋਏ ਬੀਜਾਂ ਨੂੰ ਇਕੱਠੇ ਕਰ ਕੇ ਛਾਂਵੇਂ ਸੁਕਾ ਲਵੋ। ਹੁਣ ਇਹਨਾਂ ਬੀਜਾਂ ਨੂੰ ਜੂਟ ਦੀਆਂ ਬੋਰੀਆਂ ਵਿੱਚ ਭਰ ਕੇ ਰੱਖ ਲਵੋ । ਧਿਆਨ ਰਹੇ
- ਨਿੰਮ੍ਹ ਦੇ ਬੀਜ ਇੱਕ ਸਾਲ ਤੱਕ ਜਮ੍ਹਾਂ ਨਾ ਰੱਖੇ ਜਾਣ।
- ਇਹਨਾਂ ਨੂੰ ਧੁੱਪ 'ਚ ਨਾ ਸੁਕਾਇਆ ਜਾਵੇ ।
- ਇਹਨਾਂ ਨੂੰ ਪਾਲੀਥੀਨ ਦੇ ਬੈਗਾਂ ਵਿੱਚ ਭਰ ਕੇ ਨਾ ਰੱਖਿਆ ਜਾਵੇ।
ਜੇਕਰ ਨਿੰਮ੍ਹ ਦੇ ਬੀਜਾਂ ਨੂੰ ਵੱਡੇ ਪੈਮਾਨੇ 'ਤੇ ਸਟੋਰ ਕਰਨਾ ਹੋਵੇ ਤਾਂ ਇਹਨਾਂ ਵਿੱਚ ਪ੍ਰਤੀ ਕੁਵਿੰਟਲ 400 ਗ੍ਰਾਮ ਸਲਫਰ ਅਤੇ 1:10 ਦੇ ਅਨੁਪਾਤ ਵਿੱਚ ਚੂਨਾ ਮਿਲਾ ਕੇ ਹੀ ਸਟੋਰ ਕਰੋ।