ਪੂਰਤੀ ਕਰ ਸਕਦੀ ਹੈ। ਇੰਨਾ ਹੀ ਨਹੀਂ ਕਿਸਾਨ ਦੀਆਂ ਖੁਰਾਕੀ ਲੋੜਾਂ ਪੱਖੋਂ ਵੀ ਮਿਸ਼ਰਤ ਖੇਤੀ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ । ਮੁੱਖ ਫਸਲ ਦੇ ਨਾਲ ਦਾਲਾਂ ਅਤੇ ਤੇਲ ਵਾਲੀਆਂ ਫਸਲਾਂ ਉਗਾ ਕੇ ਕਿਸਾਨ ਆਪਣੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰ ਸਕਦਾ ਹੈ। ਮਿਸ਼ਰਤ ਫਸਲਾਂ ਭੂਮੀ ਦਾ ਜੈਵਿਕ ਸੰਤੁਲਨ ਵੀ ਬਰਕਰਾਰ ਰੱਖਦੀਆਂ ਹਨ ਅਤੇ ਪੋਸ਼ਕ ਤੱਤਾਂ ਨੂੰ ਵੀ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੀ ਗ੍ਰਹਿਣ ਕਰਦੀਆਂ ਹਨ। ਸਿੱਟੇ ਵਜੋਂ ਭੂਮੀ ਦੀ ਉਪਜਾਊ ਸ਼ਕਤੀ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਕਿਸਾਨਾਂ ਦੀ ਖੇਤੀ ਲਾਗਤ ਵਿੱਚ ਵੀ ਜਿਕਰਯੋਗ ਕਮੀ ਆਉਂਦੀ ਹੈ। ਸੋ ਮਿਸ਼ਰਤ ਖੇਤੀ ਖੁਦਮੁਖਤਾਰ ਕਿਸਾਨੀ ਦਾ ਸਫਲ ਆਧਾਰ ਸਾਬਿਤ ਹੋ ਸਕਦੀ ਹੈ।
ਰਸਾਇਣ ਮੁਕਤ ਕੀਟ ਪ੍ਰਬੰਧਨ ਅਪਣਾਓ: ਖੇਤੀ ਖੁਦਮੁਖਤਾਰੀ ਲਈ ਇਹ ਜਰੂਰੀ ਹੈ ਕਿ ਕਿਸਾਨ ਰਸਾਇਣ ਮੁਕਤ ਕੀਟ ਪ੍ਰਬੰਧਨ ਅਪਣਾਉਣ। ਰਸਾਇਣ ਮੁਕਤ ਕੀਟ ਪ੍ਰਬੰਧਨ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਕਿਸਾਨ ਆਪਣੇ ਆਸਪਾਸ ਉਪਲਬਧ ਕੁਦਰਤੀ ਸੰਸਾਧਨਾਂ ਅਤੇ ਕੁਦਰਤ ਦੇ ਅਨੁਕੂਲ ਰਵਾਇਤੀ ਤਕਨੀਕਾਂ ਰਾਹੀਂ ਫਸਲਾਂ 'ਤੇ ਆਉਣ ਵਾਲੇ ਹਾਨੀਕਾਰਕ ਕੀਟਾਂ ਦੀ ਰੋਕਥਾਮ ਕਰਨ । ਇਹਦੇ ਲਈ ਕੀਟਾਂ ਦਾ ਜੀਵਨ ਚੱਕਰ ਸਮਝ ਕੇ ਉਹਨਾਂ ਨੂੰ ਪੜਾਅਵਾਰ ਢੰਗ ਨਾਲ ਕਾਬੂ ਕਰਨ ਦੀ ਤਕਨੀਕ ਵੀ ਅਪਣਾਈ ਜਾ ਸਕਦੀ ।ਇਸ ਵਿਧੀ ਨਾਲ ਕੀਟ ਨਿਯੰਤਰਨ ਸਦਕਾ ਭੂਮੀ ਦੀ ਉਪਜਾਊ ਸ਼ਕਤੀ ਉੱਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਕਿਸਾਨ ਨੂੰ ਵਧੇਰੇ ਪੈਸੇ ਵੀ ਨਹੀਂ ਖਰਚਣੇ ਪੈਂਦੇ। ਕਿਸਾਨਾਂ ਨੂੰ ਰਸਾਇਣਕ ਕੀੜੇਮਾਰ ਜ਼ਹਿਰ ਖਰੀਦਣ ਦੀ ਉੱਕਾ ਹੀ ਲੋੜ ਨਹੀਂ ਪੈਂਦੀ। ਸਿੱਟੇ ਵਜੋਂ ਬਜ਼ਾਰ 'ਤੇ ਉਹਦੀ ਨਿਰਭਰਤਾ ਵੀ ਘਟ ਜਾਂਦੀ ਹੈ।