ਸੁੱਕੀ ਡੂੰਘੀ ਵਹਾਈ ਅਤੇ ਸਹੀ ਸਮਾਂ: ਇਹ ਕਿਸੇ ਵੀ ਤਰ੍ਹਾਂ ਦੇ ਜੈਵਿਕ ਜਾਂ ਰਸਾਇਣਕ ਕੀਟਨਾਸ਼ਕਾਂ ਦੇ ਬਿਨਾਂ ਫਸਲਾਂ ਵਿੱਚ ਸਫਲ ਕੀਟ ਪ੍ਰਬੰਧਨ ਦਾ ਪਲੇਠਾ ਕੰਮ ਹੈ। ਇਹਦੇ ਤਹਿਤ ਮਈ-ਜੂਨ ਵਿੱਚ ਖੇਤਾਂ ਨੂੰ ਸੁੱਕਾ ਤੇ ਡੂੰਘਾ ਵਾਹੁਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਭਿੰਨ-ਭਿੰਨ ਪ੍ਰਕਾਰ ਦੇ ਕੀੜਿਆਂ ਦੇ ਜਮੀਨ ਵਿਚ ਡੂੰਘੇ ਪਏ ਹੋਏ ਪਿਊਪੇ(ਕੈਪਸੂਲ ਨੁਮਾ ਉਹ ਕਵਚ ਜਿਹਨਾਂ ਵਿੱਚ ਸੁੰਡੀਆਂ ਦੇ ਪਤੰਗੇ ਅਨੁਕੂਲ ਹਾਲਤਾਂ ਵਿਚ ਬਾਹਰ ਨਿਕਲਦੇ ਹਨ) ਉੱਪਰ ਆ ਜਾਂਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਪੰਛੀ ਚੁਗ ਲੈਂਦੇ ਹਨ ਅਤੇ ਬਹੁਤ ਸਾਰੇ ਸਖ਼ਤ ਧੁੱਪ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਂਦੇ ਹਨ।
ਬਾਰਿਸ਼ ਤੋਂ 2 ਦਿਨਾਂ ਬਾਅਦ ਖੇਤਾਂ ਵਿੱਚ ਥਾਂ-ਥਾਂ ਅੱਗ ਬਾਲਣੀ: ਪਹਿਲੀ ਬਾਰਿਸ਼ ਤੋਂ ਦੋ ਦਿਨਾਂ ਦੇ ਅੰਦਰ- ਅੰਦਰ ਸਮੂਹ ਕਿਸਾਨ ਭਰਾਵਾਂ ਨੂੰ ਅਗਲੇ ਸੱਤ ਦਿਨਾਂ ਤੱਕ ਖੇਤਾਂ ਵਿੱਚ ਸ਼ਾਮ 7 ਤੋਂ 9 ਵਜੇ ਤੱਕ ਥਾਂ-ਥਾਂ ਅੱਗ ਬਾਲਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕੀਟਾਂ ਦੇ ਬਹੁਤ ਸਾਰੇ ਪਤੰਗੇ ਅੱਗ ਦੀਆਂ ਲਪਟਾਂ ਵਿੱਚ ਡਿੱਗ ਕੇ ਸੜ ਜਾਣਗੇ। ਇਹ ਕੰਮ ਕਰਕੇ ਘੱਟੋ-ਘੱਟ 20 ਫੀਸਦੀ ਕੀਟ ਖਤਮ ਹੋ ਜਾਂਦੇ ਹਨ।
ਖੇਤਾਂ ਵਿੱਚ ਟੀ ਅਕਾਰ ਦੇ ਢਾਂਚੇ ਖੜੇ ਕਰਨਾ: ਬਹੁ-ਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ ਅਤੇ ਸੁੰਡੀਆਂ ਉਹਨਾਂ ਦੀ ਮਨਭਾਉਂਦੀ ਖੁਰਾਕ। ਸੋ ਜੇ ਅਸੀਂ ਆਪਣੇ ਖੇਤਾਂ ਵਿੱਚ ਪੰਛੀਆਂ ਦੇ ਬੈਠਣ ਲਈ ਉਚਿੱਤ ਪ੍ਰਬੰਧ ਕਰ ਦੇਈਏ ਤਾਂ ਰਹਿੰਦਾ ਕੰਮ ਪੰਛੀ ਆਪ ਹੀ ਕਰ ਦੇਣਗੇ । ਇਸ ਲਈ ਪ੍ਰਤੀ ਏਕੜ ਅੰਗਰੇਜ਼ੀ ਦੇ ਟੀ ਅੱਖਰ ਵਰਗੇ ਅੱਠ ਦਸ ਵਰਡ ਪਰਚਰ ਅਰਥਾਤ ਲੱਕੜੀ ਦੇ ਅਜਿਹੇ ਢਾਂਚੇ ਖੜੇ ਕਰਨੇ ਚਾਹੀਦੇ ਹਨ ਜਿਹਨਾਂ ਉੱਪਰ ਪੰਛੀ ਆ ਕੇ ਬੈਠ ਸਕਣ ਅਤੇ ਵੱਧ ਤੋਂ ਵੱਧ ਸੁੰਡੀਆਂ ਖਾ ਕੇ ਸਾਡੀ ਖੇਤੀ ਵਿੱਚ ਸਾਡੇ ਸਹਾਇਕ ਬਣਨ।
ਫੈਰੋਮੋਨ ਟਰੈਪ ਲਾਉਣੇ: ਫੈਰੋਮੋਨ ਟਰੈਪ ਵੀ ਕੀਟਾਂ ਨੂੰ ਕਾਬੂ ਕਰਨ ਦਾ ਪ੍ਰਭਾਵੀ ਸਾਧਨ ਹਨ। ਫੈਰੋਮੋਨ ਟਰੈਪ ਵਿੱਚ ਲੱਗੇ ਕੈਪਸੂਲਾਂ ਵਿੱਚੋਂ ਨਿਕਲਣ ਵਾਲੀ ਗੰਧ ਕਾਰਨ ਨਰ ਪਤੰਗੇ ਇਹਨਾਂ ਟਰੈਪਾਂ ਵਿੱਚ ਫਸਦੇ ਚਲੇ ਜਾਂਦੇ ਹਨ। ਇੱਕ ਫੈਰੋਮੋਨ ਕੈਪਸੂਲ 15 ਦਿਨਾਂ ਤੱਕ ਪ੍ਰਭਾਵੀ ਰਹਿੰਦਾ ਹੈ। ਨਰ ਪਤੰਗਿਆਂ ਦੇ ਇਹਨਾਂ ਟਰੈਪਾਂ ਵਿੱਚ ਫਸਣ ਕਾਰਨ ਮਾਦਾ ਪਤੰਗੇ ਅੰਡੇ ਦੇਣ ਦੀ ਅਵਸਥਾ ਵਿੱਚ ਨਹੀਂ ਰਹਿੰਦੀਆਂ। ਸਿੱਟੇ ਵਜੋਂ ਖੇਤ ਵਿੱਚ ਸੁੰਡੀਆਂ ਦਾ ਪ੍ਰਕੋਪ ਵੱਡੇ ਪੱਧਰ 'ਤੇ ਘਟ ਜਾਂਦਾ ਹੈ । ਜਿਕਰਯੋਗ ਹੈ ਕਿ ਇਕ ਨਰ ਪਤੰਗਾ 500 ਦੇ ਕਰੀਬ ਮਾਦਾ ਪਤੰਗਿਆਂ ਨਾਲ ਮੇਲ ਕਰਨ ਦੀ ਸ਼ਕਤੀ ਰੱਖਦਾ ਹੈ।