

"ਤਦੋਂ ਕਰਾਂ ਕੀ, ਜਿੰਦੇ ਮੇਰੀ!
ਕਿੱਥੋਂ ਉਹ ਕੁਝ ਲ੍ਯਾਵਾਂ,
'ਜਿਸਦੇ ਨਾਲ ਅਪੂਰਨ ਹੋਈ
ਤੈਨੂੰ ਭਰ ਦਿਖਲਾਵਾਂ ?
"ਹਾਇ! ਦੱਸ ਤੂੰ ਜਿੰਦੜੀ! ਮੈਨੂੰ,
ਮੈਂ ਰੋ ਰੋ ਮਰ ਲੱਥੀ,
'ਤੂੰ ਕੀ ਹੈਂ ?” ਤੂੰ ਖੁਹਲ ਦਿਖਾ ਦੇ
ਅਪਨਿ ਕਲਾ ਦੀ ਹੱਥੀ।”
ਐਦਾਂ ਸੋਚ, ਬਾਉਲੀ ਹੁੰਦੀ,
ਆਪੇ ਦੇ ਵਿਚ ਆਂਦੀ,
ਆਪੇ ਤੋਂ ਹੋ ਬਾਹਰ ਗ਼ਰਕਦੀ
ਸੁੰਨ ਮੁੰਨ ਹੋ ਜਾਂਦੀ,
ਤੁਰਦੀ, ਅਝਕ, ਬੈਠ ਉਠ ਤੁਰਦੀ
ਸਹਿਜੇ ਸਹਿਜੇ ਆਈ,
ਓਸ ਛੰਭ ਤੇ ਆਣ ਖਲੋਤੀ,
ਮੌਜ ਦੇਖ ਟਕ ਲਾਈ।
ਆਖੇ: "ਵਾਹਵਾ ਜੋਬਨ ਮੱਤੇ
ਸੁੱਭਰ ਭਰੇ ਸੁਹਾਵੇ!
"ਠੰਢ ਪਈ ਤੈਂ ਦੇਖ ਰੂਪ ਨੂੰ
ਸੁਹਣੇ ਸਜੇ ਤਲਾ ਵੇ!