

ਅੱਖੀਂ ਸੁੱਖ ਕਲੇਜੇ ਠੰਢਕ,
ਇਸਦੇ ਮਿਲਿਆਂ ਪੈਂਦੀ,
ਛਬਿ ਛਾਂਦੀ ਚਉਫੇਰ ਏਸ ਤੋਂ
ਛਬਿ ਇਸ ਤੋਂ ਛਬਿ ਲੈਂਦੀ।
ਵਰਤੇ ਕਈ ਜ਼ਮਾਨੇ ਜਿਸ ਤੇ
ਸੀ ਇਕ ਬੋੜ੍ਹ ਵਡੇਰਾ,
ਉਸ ਦੇ ਹੇਠਾਂ ਮੁਟਿਆਰਨ ਨੇ
ਹੈ ਲਾਇਆ ਹੁਣ ਡੇਰਾ
ਛਾਵੇਂ ਬੈਠ ਥੋੜ੍ਹ ਵਲ ਤਕਦੀ
ਲੰਮੇ ਸਾਹ ਖਿਚੇਂਦੀ
'ਕਿਉਂ ਬਾਬਾ ਏਂ ਜੀਵਨ ਕੀ ਹੈ?
ਤਕ ਤਕ ਉਹਨੂੰ ਪੁਛੇਂਦੀ।
ਉੱਚੀ ਧੌਣ ਕਰੇਂਦੀ ਤੱਕਦੀ,
ਨੈਣ ਗਏ ਮਿਟ ਦੋਵੇਂ,
ਮਿੱਠੀ ਨੀਂਦ ਅੰਦਰੋਂ ਆਈ,
ਟਿਕੀ ਜਿਵੇਂ ਸੀ ਓਵੇਂ।
ਉੱਧਰ ਵਾਉ ਤ੍ਰਿਖੇਰੀ ਹੋਈ,
ਬੱਦਲਵਾਈ ਪਾਈ,
ਉੱਡ ਗਈ ਸਾਰੀ ਓ ਘਟਨਾ,
ਧੁੱਪ ਨਿਕਲ ਕੁਛ ਆਈ।