

ਸੂਰਜ ਢਲ ਹੇਠਾਂ ਹੈ ਤੁਰਿਆ,
ਕੁਝ ਜੋਬਨ ਬੀ ਢਲਿਆ।.
ਤਿੱਖਾ ਤੇਜ ਹੋ ਗਿਆ ਮੱਠਾ,
ਨੀਵਾਂ ਹੋ ਜੋ ਚਲਿਆ।
ਪੌਣ ਵਧੇਰੀ ਠੰਢੀ ਹੋ ਗਈ,
ਜਿਵੇਂ ਹਿਮਾਲਯ ਜਾਈ,
ਪਾਣੀ ਦੇ ਗਲ ਲੱਗ ਕਿਤੋਂ ਹੈ
ਭਾਗਭਰੀ ਹੋ ਆਈ।
ਖੁਲ੍ਹੀ ਅਚਾਨਕ ਅੱਖ ਨਾਰਿ ਦੀ
ਤ੍ਰਬਕ ਉਠੀ ਕਹਿ "ਹਾਏ,
"ਇਸ ਅਖ-ਮੀਟੇ ਦੇ ਹੈਂ ਅੰਦਰ
ਕੀ ਕੌਤਕ ਵਰਤਾਏ।
“ਬਾਹਰ ਦੀ ਕੁਦਰਤ ਦੇ ਵਾਂਙੂ
ਠੰਢਕ ਅੰਦਰ ਛਾਈ,
"ਛਾਤੀ ਸੀਤਲ ਹੋਈ ਦਿਸਦੀ
ਘਟਦੀ ਹੈ ਘਬਰਾਈ। ”
ਉੱਠ ਟੁਰੀ ਵਲ ਛੰਭ ਫੇਰ ਓ,
ਸਹਿਜੇ ਸਹਿਜੇ ਆਕੇ
ਕੰਢੇ ਤੇ ਆ ਖੜੀ ਹੋ ਗਈ,
ਰਹੀ ਭਚੱਕ ਤਕਾਕੇ।