

ਉਹ ਜੋ ਛਬੀ ਸੁਹਾਵਾਂ ਵਾਲੀ,
ਮੀਂਹ ਸੀ ਪਈ ਵਸਾਂਦੀ,
ਹੇਠਾਂ ਉੱਤੇ ਤੇ ਚਉਫੇਰੇ
ਗੂੜ੍ਹੀ ਛਹਿਬਰ ਲਾਂਦੀ,
ਉਹ ਹੁਸਨਾਂ ਦਾ ਗ਼ਜ਼ਬ ਨਜ਼ਾਰਾ
ਸੁਹਣਾ ਓਹ ਦਿਖਾਵਾ,
ਅੱਖੀਂ ਪਿਆ ਜਦੋਂ, ਦਿਲ ਧਸਿਆ,
ਛਾਇਆ ਰੰਗ ਸੁਹਾਵਾ।
ਬੇਹੋਸ਼ੀ ਇਕ ਛਾਈ ਉਸਤੇ
ਰਹੀ ਬਝੱਕ ਤਕਾਂਦੀ,
ਕੋਈ ਸੁੱਧ ਰਹੀ ਨਹਿਂ ਬਾਕੀ
ਮੂਰਤ ਟੱਕ ਬਨ੍ਹਾਂਦੀ।
ਧਾਇ ਸਰੂਰ ਹੁਸਨ ਖੇੜੇ ਦਾ
ਸਿਰ ਸਾਰੇ ਵਿਚ ਵੜਿਆ,
ਖੇੜਾ ਅਰਸ਼ੀ ਰੰਗਾਂ ਵਾਲਾ
ਵਿੱਚ ਕਾਲਜੇ ਅੜਿਆ।
ਅਕਲ ਸੰਸਿਆਂ ਵਾਲੀ ਰੁੜ੍ਹ ਗਈ,
'ਪੁਛਣ-ਤਾਬ' ਨਸਾਈ,
ਭਰਮਣ ਤੇ ਸ਼ਕ ਕਰਨੇ ਵਾਲੀ
ਸੋਚ ਨ ਰਹਿ ਗਈ ਕਾਈ।